ਧਰਮ ਪਰਿਵਰਤਨ ਲਈ ਈਸਾਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਿੰਦਣਯੋਗ : ਗੁਡਵਿਨ
ਧਰਮ ਪਰਿਵਰਤਨ ਦੇ ਨਾਮ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਈਸਾਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਿੰਦਣਯੋਗ ਹੈ : ਅਲਫ੍ਰੇਡ ਗੁਡਵਿਨ
Publish Date: Sun, 15 Mar 2026 09:59 PM (IST)
Updated Date: Sun, 15 Mar 2026 10:00 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਦਿਨ ਪੰਜਾਬ ਦੇ ਮੋਗਾ ਵਿਚ ਭਾਜਪਾ ਵੱਲੋਂ ਆਯੋਜਿਤ ਰੈਲੀ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਸੂਬਾਈ ਉਪ ਪ੍ਰਧਾਨ ਐਲਫ੍ਰੇਡ ਗੁਡਵਿਨ ਨੇ ਕਿਹਾ ਕਿ ਧਰਮ ਪਰਿਵਰਤਨ ਦੇ ਨਾਮ ’ਤੇ ਈਸਾਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਬਹੁਤ ਹੀ ਮੰਦਭਾਗੇ ਹਨ ਤੇ ਪੰਜਾਬ ਦੀ ਸਮਾਜਿਕ ਸਦਭਾਵਨਾ ਤੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੇ ਹਨ, ਜਿਸ ਲਈ ਸੂਬਾ ਪੂਰੇ ਦੇਸ਼ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਜਿਹੇ ਬਿਆਨ ਦੇ ਕੇ ਕੇਂਦਰੀ ਮੰਤਰੀ ਵੋਟ ਬੈਂਕ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਤੇ ਸਮਾਜ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਾਇਦ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀ ਰਾਜਨੀਤੀ ਉਨ੍ਹਾਂ ਨੂੰ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਸਫਲਤਾ ਦਿਵਾਏਗੀ, ਪਰ ਪੰਜਾਬ ਦੇ ਲੋਕ ਬਹੁਤ ਜਾਣੂ ਹਨ ਤੇ ਇਨ੍ਹਾਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪੰਜਾਬ ਦੇ ਲੋਕ ਆਪਣੇ ਨੇਤਾਵਾਂ ਦੇ ਕੰਮ ਤੇ ਨੀਤੀਆਂ ਨੂੰ ਦੇਖਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਫੁੱਟ ਪਾਊ ਰਾਜਨੀਤੀ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਦੀਆਂ ਤੋਂ ਸਾਰੇ ਧਰਮਾਂ ਤੇ ਭਾਈਚਾਰਿਆਂ ਦੇ ਲੋਕਾਂ ਵਿਚ ਆਪਸੀ ਸਤਿਕਾਰ, ਏਕਤਾ ਤੇ ਸ਼ਾਂਤੀਪੂਰਨ ਸਹਿ-ਹੋਂਦ ਦੀ ਧਰਤੀ ਰਿਹਾ ਹੈ। ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਜਾਂ ਭਾਈਚਾਰਿਆਂ ਵਿਚਕਾਰ ਅਵਿਸ਼ਵਾਸ ਪੈਦਾ ਕਰਨਾ ਸਾਡੇ ਸੰਵਿਧਾਨ ਤੇ ਸਮਾਜਿਕ ਕਦਰਾਂ-ਕੀਮਤਾਂ ਦੀ ਭਾਵਨਾ ਦੇ ਉਲਟ ਹੈ। ਪੰਜਾਬ ਦੇ ਈਸਾਈ ਭਾਈਚਾਰੇ ਨੇ ਹਮੇਸ਼ਾ ਸਿੱਖਿਆ, ਸਿਹਤ ਸੇਵਾਵਾਂ ਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਜਿਹੇ ਰਾਜਨੀਤਿਕ ਬਿਆਨ ਸਮਾਜ ਵਿਚ ਬੇਲੋੜਾ ਡਰ ਤੇ ਭੰਬਲਭੂਸਾ ਪੈਦਾ ਕਰਦੇ ਹਨ। ਉਨ੍ਹਾਂ ਸਾਰੇ ਰਾਜਨੀਤਿਕ ਆਗੂਆਂ ਤੇ ਜਨਤਕ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਤਕ ਬਿਆਨਾਂ ਵਿਚ ਸੰਜਮ ਵਰਤਣ ਤੇ ਸਮਾਜ ਵਿਚ ਭਾਈਚਾਰਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ। ਪੰਜਾਬ ਦੀ ਅਸਲ ਤਾਕਤ ਇਸ ਦੀ ਏਕਤਾ ਤੇ ਭਾਈਚਾਰਕ ਸਾਂਝ ਵਿਚ ਹੈ, ਜਿਸਨੂੰ ਹਰ ਕੀਮਤ ’ਤੇ ਬਣਾਈ ਰੱਖਿਆ ਜਾਣਾ ਚਾਹੀਦਾ ਹੈ।