ਹਰਜੀ ਮਾਨ ਨੇ ਟੇਲ ਐਂਡ ਸਿੰਚਾਈ ਪ੍ਰੋਜੈਕਟ ਦਾ ਕੀਤਾ ਉਦਘਾਟਨ
ਹਰਜੀ ਮਾਨ ਨੇ ਪਿੰਡ ਮਾਨਾਵਾਲੀ ‘ਚ ਟੇਲ ਐਂਡ ਸਿੰਚਾਈ ਪ੍ਰੋਜੈਕਟ ਦਾ ਕੀਤਾ ਉਦਘਾਟਨ
Publish Date: Sun, 03 May 2026 07:28 PM (IST)
Updated Date: Sun, 03 May 2026 07:29 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਲਕੇ ਦੇ ਪਿੰਡ ਮਾਨਾਵਾਲੀ ਵਿਖੇ ਟੇਲ ਐਂਡ ਤੋਂ ਸਿੰਚਾਈ ਲਈ 97 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਨਹਿਰੀ ਪ੍ਰੋਜੈਕਟ ਦਾ ਉਦਘਾਟਨ ਹਲਕਾ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਵੱਲੋਂ ਅਰਦਾਸ ਉਪਰੰਤ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਨਾਲ ਕਰੀਬ 980 ਏਕੜ ਜ਼ਮੀਨ ਦੀ ਸਿੰਚਾਈ ਦਾ ਪੱਕਾ ਪ੍ਰਬੰਧ ਹੋਵੇਗਾ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਹਰਜੀ ਮਾਨ ਨੇ ਦੱਸਿਆ ਕਿ ਇਸ ਨਹਿਰੀ ਯੋਜਨਾ ਹੇਠ ਖੱਬੇ ਪਾਸੇ 961 ਫੁੱਟ ਲੰਮੀ ਪਾਈਪ ਲਾਈਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਰਾਹੀਂ ਕਿਰਪਾਲਪੁਰ, ਮਾਨਾਵਾਲੀ, ਦਰਵੇਸ਼ ਪਿੰਡ, ਸੁਨੜਾ ਰਾਜਪੂਤਾਂ ਅਤੇ ਅਠੌਲੀ ਪਿੰਡਾਂ ਦੀ ਜ਼ਮੀਨ ਦੀ ਸਿੰਚਾਈ ਹੋਵੇਗੀ। ਇਸ ਤੋਂ ਇਲਾਵਾ ਸਾਹਮਣੇ ਪਾਸੇ ਮਾਨਾਵਾਲੀ ਤੇ ਅਠੌਲੀ ਦੀ ਜ਼ਮੀਨ ਲਈ 4800 ਫੁੱਟ ਲੰਮੀ ਪਾਈਪਲਾਈਨ ਬਣਾਈ ਗਈ ਹੈ। ਨਾਲ ਹੀ ਸੱਜੇ ਪਾਸੇ ਪਿੰਡ ਮਾਨ ਤੇ ਸ਼ਹਿਰ ਦੇ ਕੁਝ ਇਲਾਕਿਆਂ ਦੀ ਸਿੰਚਾਈ ਲਈ 7700 ਫੁੱਟ ਲੰਮੀ ਪਾਈਪਲਾਈਨ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ। ਲੰਮੇ ਸਮੇਂ ਤੋਂ ਪਾਣੀ ਦੀ ਘਾਟ ਨਾਲ ਪੀੜਤ ਕਿਸਾਨਾਂ ਨੂੰ ਹੁਣ ਵੱਡੀ ਰਾਹਤ ਮਿਲੇਗੀ ਤੇ ਖੇਤੀਬਾੜੀ ਨੂੰ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਦੱਸਿਆ ਕਿ ਹਲਕੇ ਦੇ ਹੋਰ ਪਿੰਡਾਂ ਵਿਚ ਵੀ ਇਸ ਤਰ੍ਹਾਂ ਦੇ ਵਿਕਾਸ ਪ੍ਰੋਜੈਕਟ ਲਿਆਂਦੇ ਜਾਣਗੇ। ਉਦਘਾਟਨ ਸਮਾਗਮ ਦੌਰਾਨ ਨਵਜੋਤ ਸਿੰਘ, ਸਰਪੰਚ ਹਰਜਿੰਦਰ ਕੌਰ, ਗੁਰਦੀਪ ਸਿੰਘ ਦੀਪਾ, ਰਵੀ ਕੁਮਾਰ, ਅਜੇ ਕੁਮਾਰ ਹੈਪੀ, ਕਿਸਾਨ ਆਗੂ ਸੁਖਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਰਹੇ।