ਓਪਨ ਬਾਰ’ ਬਣਿਆ ਜੀਟੀ ਰੋਡ ਫਗਵਾੜਾ
‘ਓਪਨ ਬਾਰ’ ਬਣਿਆ ਜੀਟੀ ਰੋਡ,”ਸਰੇਆਮ ਹੰਗਾਮਾ ਕਰਦੀਆਂ ਨਸ਼ੇ ‘ਚ ਟੱਲੀ ਨੌਜਵਾਨਾਂ ਦੀਆਂ ਟੋਲੀਆਂ - ਕਮਲ ਸਰੋਜ
Publish Date: Thu, 14 May 2026 07:54 PM (IST)
Updated Date: Thu, 14 May 2026 07:57 PM (IST)

ਸਰੇਆਮ ਹੰਗਾਮਾ ਕਰਦੀਆਂ ਨਸ਼ੇ ‘ਚ ਟੱਲੀ ਨੌਜਵਾਨਾਂ ਦੀਆਂ ਟੋਲੀਆਂ : ਕਮਲ ਸਰੋਜ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਜੀਟੀ ਰੋਡ ‘ਤੇ ਢਾਬਿਆਂ ਤੇ ਅਹਾਤਿਆਂ ਦੇ ਬਾਹਰ ਸਰੇਆਮ ਸ਼ਰਾਬ ਪਿਲਾਏ ਜਾਣ ਦਾ ਮਾਮਲਾ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਸ਼ਾਮ ਢਲਦੇ ਹੀ ਕਈ ਥਾਵਾਂ ’ਤੇ ‘ਓਪਨ ਬਾਰ’ ਸ਼ੁਰੂ ਹੋ ਜਾਂਦੇ ਹਨ, ਜਿਥੇ ਨੌਜਵਾਨ ਖੁੱਲ੍ਹੇਆਮ ਨਸ਼ਾ ਕਰਦੇ ਤੇ ਸੜਕਾਂ ‘ਤੇ ਸ਼ੋਰ-ਸ਼ਰਾਬਾ ਕਰਦੇ ਨਜ਼ਰ ਆਉਂਦੇ ਹਨ। ਇਸ ਕਾਰਨ ਆਮ ਲੋਕਾਂ ਦਾ ਪਰਿਵਾਰਾਂ ਦੇ ਨਾਲ ਇਲਾਕੇ ਵਿਚ ਆਉਣਾ-ਜਾਣਾ ਮੁਸ਼ਕਿਲ ਹੋ ਚੁੱਕਾ ਹੈ। ਇਸ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਸ਼ਿਵ ਸੈਨਾ ਯੂਬੀਟੀ ਦੇ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ ਨੇ ਪ੍ਰਸ਼ਾਸਨ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸ਼ਹਿਰ ਦੀ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਲੱਚਰ ਹੋ ਚੁੱਕੀ ਹੈ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਦੀ ਇਕ ਯੂਨੀਵਰਸਿਟੀਆਂ ‘ਚ ਦੂਸਰੇ ਸ਼ਹਿਰਾਂ, ਸੂਬਿਆਂ ਤੇ ਵਿਦੇਸ਼ਾਂ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਹਨ, ਜੋ ਕਿਰਾਏ ਦੇ ਪੀਜੀ ਹਾਊਸਾਂ ਵਿਚ ਰਹਿੰਦੇ ਹਨ ਤੇ ਇਨ੍ਹਾਂ ਵੱਲੋਂ ਜੀਟੀ ਰੋਡ ਦਾ ਮਾਹੌਲ ਰਾਤ ਸਮੇਂ ਖਰਾਬ ਕੀਤਾ ਜਾ ਰਿਹਾ ਹੈ, ਜੋ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਹੀ ਵੱਡਾ ਖਤਰਾ ਬਣ ਸਕਦਾ ਹੈ। ਕਮਲ ਸਰੋਜ ਨੇ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਕਿਸੇ ਵੀ ਵੇਲੇ ਵੱਡੀ ਅਣਚਾਹੀ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ਖੁਦ ਇਕ ਘਟਨਾ ਦੇ ਗਵਾਹ ਬਣੇ ਜਿਥੇ ਜੀਟੀ ਰੋਡ ‘ਤੇ ਇਕ ਢਾਬੇ ਦੇ ਬਾਹਰ ਕਰੀਬ 15-20 ਨੌਜਵਾਨ ਨਸ਼ੇ ਦੀ ਹਾਲਤ ਵਿਚ ਉੱਚੀ ਆਵਾਜ਼ ਵਿਚ ਹੰਗਾਮਾ ਕਰ ਰਹੇ ਸਨ। ਉਨ੍ਹਾਂ ਦੇ ਨਾਲ ਇਕ ਲੜਕੀ ਵੀ ਸੀ ਤੇ ਨਸ਼ੇ ਕਾਰਨ ਉਸ ਲਈ ਖੜ੍ਹਾ ਰਹਿਣਾ ਵੀ ਔਖਾ ਸੀ। ਜਦੋਂ ਕਮਲ ਸਰੋਜ ਨੇ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਝਗੜਾ ਕਰਨ ‘ਤੇ ਉਤਾਰੂ ਹੋ ਗਏ। ਮਾਮਲਾ ਗੰਭੀਰ ਹੋਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਇਹ ਘਟਨਾ ਪ੍ਰਸ਼ਾਸਨ ਲਈ ਚੇਤਾਵਨੀ ਹੈ ਕਿ ਸ਼ਹਿਰ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਕਿੰਨੀ ਖਰਾਬ ਹੋ ਚੁੱਕੀ ਹੈ। ਜੀਟੀ ਰੋਡ ਵਰਗੇ ਇਲਾਕੇ ਵਿਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਸ਼ਹਿਰ ਦਾ ਰਸੂਖ ਵੀ ਖਰਾਬ ਹੋ ਰਿਹਾ ਹੈ ਤੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਰਿਹਾ ਹੈ। ਸ਼ਿਵ ਸੈਨਾ ਯੂਬੀਟੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੀਟੀ ਰੋਡ ‘ਤੇ ਓਪਨ ਬਾਰਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ, ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਲਦੀ ਕਾਰਵਾਈ ਨਾ ਹੋਈ ਤਾਂ ਸ਼ਿਵ ਸੈਨਾ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।