ਅੱਜ ਤੋਂ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਰਹਿਣਗੀਆਂ ਬੰਦ : ਸੁਰਿੰਦਰ ਸ਼ਰਮਾ
1 ਅਪ੍ਰੈਲ ਤੋਂ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਰਹਿਣਗੀਆਂ ਬੰਦ : ਸੁਰਿੰਦਰ ਸ਼ਰਮਾ
Publish Date: Tue, 31 Mar 2026 07:00 PM (IST)
Updated Date: Tue, 31 Mar 2026 07:04 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜੇਕਰ ਕੇਂਦਰ ਸਰਕਾਰ ਨੇ ਆੜਤੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ ਦੇ ਆੜਤੀਆਂ ਨੇ 1 ਅਪ੍ਰੈਲ ਤੋਂ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸੇ ਕੜੀ ਤਹਿਤ ਵਿਰਾਸਤੀ ਸ਼ਹਿਰ ਦੇ ਆੜਤੀਆਂ ਦੀ ਇਕ ਵਿਸ਼ੇਸ਼ ਮੀਟਿੰਗ ਦਾਣਾ ਮੰਡੀ ਵਿਖੇ ਆੜਤੀ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਆੜਤੀ ਐਸੋਸੀਏਸ਼ਨ ਕਪੂਰਥਲਾ ਦੇ ਪ੍ਰੈੱਸ ਸਕੱਤਰ ਓਮਕਾਰ ਕਾਲੀਆ ਨੇ ਦੱਸਿਆ ਕਿ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਆੜਤੀਆ ਐਸੋਸੀਏਸ਼ਨ ਕਪੂਰਥਲਾ ਵੱਲੋਂ 1 ਅਪ੍ਰੈਲ ਤੋਂ ਆੜਤੀਆਂ ਦੀਆਂ ਮੰਗਾਂ ਨਾ ਮੰਨਣ ਤੱਕ ਜ਼ਿਲ੍ਹਾ ਕਪੂਰਥਲਾ ਦੀਆਂ ਸਾਰੀਆਂ ਅਨਾਜ ਮੰਡੀਆਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ, ਕੋਈ ਵੀ ਆੜਤੀ ਕਿਸੇ ਕਿਸਮ ਦਾ ਕੰਮ ਨਹੀਂ ਕਰੇਗਾ ਤੇ ਦੁਕਾਨਾਂ ਉੱਪਰ ਕਾਲੀਆਂ ਝੰਡੀਆਂ ਲਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇਗਾ। ਕਾਲੀਆ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸੂਬਾ ਇਕਾਈ ਨੇ 1 ਅਪ੍ਰੈਲ ਤੋਂ ਆਪਣੀਆਂ ਵੱਖ-ਵੱਖ ਲਟਕਦੀਆਂ ਮੰਗਾਂ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਆੜਤੀ ਫੀਸ ਜੋ ਕਿ ਸਾਲ 2019 ਤੋਂ 46 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ, ਨੂੰ ਮੁੜ 2.5 ਫੀਸਦੀ ’ਤੇ ਲਾਗੂ ਕਰਨਾ, ਈਪੀਐੱਫ ’ਚ ਕਰੀਬ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਵਾਉਣਾ, ਲੋਡਿੰਗ ਲਈ ਲੇਬਰ ਰੇਟ ਵਧਾਉਣਾ, ਪ੍ਰਾਈਵੇਟ ਕੰਪਨੀਆਂ ਦੇ ਗੋਦਾਮਾਂ ਵਿਚ ਰੱਖੇ ਅਨਾਜ ’ਤੇ ਆੜਤ ਨਾ ਮਿਲਣਾ ਸ਼ਾਮਲ ਹੈ। ਇਸ ਮੌਕੇ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਕਿੰਨੇ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਆੜਤ ਦੇ ਕਮਿਸ਼ਨ 46 ਰੁਪਏ ਪ੍ਰਤੀ ਕੁਇੰਟਲ ’ਤੇ ਰੋਕ ਲਗਾ ਦਿੱਤੀ ਸੀ, ਜਦਕਿ ਉਨ੍ਹਾਂ ਦੀ ਮੰਗ ਹੈ ਕਿ ਆੜਤ ਦਾ ਕਮਿਸ਼ਨ 2.5 ਫੀਸਦੀ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤਾ ਜਾਵੇ। ਇਸ ਦੇ ਨਾਲ ਹੀ ਲੇਬਰ ਦੀ ਕਟੌਤੀ, ਈਪੀਐੱਫ ਤੇ ਐੱਫਸੀਆਈ ਵੱਲੋਂ ਕੁਝ ਆੜਤੀਆਂ ਦੇ ਦੱਬੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਆੜਤੀ ਐਸੋਸੀਏਸ਼ਨ ਦੀ ਬੀਤੇ ਦਿਨੀਂ ਕੇਂਦਰੀ ਫੂਡ ਸਪਲਾਈ ਮੰਤਰੀ ਨਾਲ ਮੀਟਿੰਗ ਹੋਈ ਸੀ। ਕੇਂਦਰੀ ਮੰਤਰੀ ਨੇ ਰਿਪੋਰਟ ਤਲਬ ਕਰਕੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਜੇਕਰ ਕੇਂਦਰ ਸਰਕਾਰ ਨੇ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਆੜਤੀ 1 ਅਪ੍ਰੈਲ ਤੋਂ ਪੰਜਾਬ ਭਰ ਦੀਆਂ ਮੰਡੀਆਂ ਵਿਚ ਹੜਤਾਲ ਕਰਨ ਲਈ ਮਜਬੂਰ ਹੋਣਗੇ। ਇਸ ਮੀਟਿੰਗ ਵਿਚ ਵਿੱਕੀ ਬਹਿਲ, ਪਵਨ ਕੌੜਾ, ਮੋਹਿਤ ਸ਼ਰਮਾ, ਸੁਰਿੰਦਰ ਖੁਰਾਣਾ, ਜਸਵੀਰ ਸਿੰਘ, ਰੋਹਨ ਕੌੜਾ, ਸੋਮ ਨਾਥ, ਪ੍ਰੇਮ ਕਾਲੀਆ, ਚਰਨਜੀਤ, ਭਜਨ ਲਾਲ ਆਦਿ ਹਾਜ਼ਰ ਸਨ।