ਪ੍ਰੀਖਿਆਰਥੀਆਂ ਨੂੰ ਗਰੇਸ ਅੰਕ ਦਿੱਤੇ ਜਾਣ : ਮਾਸਟਰ ਕੈਡਰ ਯੂਨੀਅਨ
ਪ੍ਰੀਖਿਆਰਥੀਆਂ ਨੂੰ ਗਰੇਸ ਅੰਕ ਦਿੱਤੇ ਜਾਣ: ਮਾਸਟਰ ਕੈਡਰ ਯੂਨੀਅਨ
Publish Date: Thu, 05 Mar 2026 09:32 PM (IST)
Updated Date: Thu, 05 Mar 2026 09:35 PM (IST)

ਤਕਨੀਕੀ ਤੇ ਭਾਸ਼ਾਈ ਤਰੁਟੀਆਂ ਕਾਰਨ ਪ੍ਰੀਖਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਾਸਟਰ ਕੈਡਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਹਰਪ੍ਰੀਤ ਖੁੰਡਾ, ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ, ਜ਼ਿਲ੍ਹਾ ਜਨਰਲ ਸਕੱਤਰ ਅਰਜਨਜੀਤ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਨੇਕ ਸਿੰਘ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਸਲਾਨਾ ਪ੍ਰੀਖਿਆ ਦੌਰਾਨ ਭਾਸ਼ਾਈ ਤੇ ਤਕਨੀਕੀ ਗਲਤੀਆਂ ਕਾਰਨ ਪ੍ਰੀਖਿਆਰਥੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਪ੍ਰੀਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆਂ ਨਿਸ਼ਾਨ ਪੈਦਾ ਹੋ ਗਿਆ ਹੈ। ਅੱਠਵੀਂ ਜਮਾਤ ਦੇ ਗਣਿਤ ਦੇ ਬੋਰਡ ਪੇਪਰ ਵਿਚ ਬਹੁਤ ਸਾਰੀਆਂ ਤਰੁੱਟੀਆਂ ਸਨ। ਪੰਜਾਬੀ ਮੀਡੀਅਮ ਤੇ ਅੰਗਰੇਜ਼ੀ ਮੀਡੀਅਮ ਦੇ ਪੇਪਰ ਵਿਚ ਵੱਖ-ਵੱਖ ਪ੍ਰਿੰਟਿੰਗ ਗਲਤੀਆਂ ਸਨ, ਆਬਜੈਕਟਿਵ ਪ੍ਰਸ਼ਨਾਂ ਦੀਆਂ ਆਪਸ਼ਨਾਂ ਵੀ ਗਲਤ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਅਨੁਸਾਰ ਨਹੀਂ ਸੀ। ਕਈ ਪ੍ਰਸ਼ਨਾਂ ਚ ਕੈਲਕੁਲੇਸ਼ਨ ਬਹੁਤ ਔਖੀਆਂ ਸਨ। ਇਸ ਲਈ ਵਿਦਿਆਰਥੀਆਂ ਨੂੰ ਢੁੱਕਵੀਂ ਗਰੇਸ ਦੇਣ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਮੈਥ ਪੇਪਰ ਦੇ ਪ੍ਰਸ਼ਨ ਬਣਤਰ ਵਿਚ ਵੀ ਆਉਣ ਵਾਲੇ ਸੈਸ਼ਨ ਵਿਚ ਸੋਧ ਕੀਤੀ ਜਾਵੇ। ਬਾਕੀ ਪੇਪਰਾਂ ਦੀ ਤਰ੍ਹਾਂ ਮੈਥ ਦੇ ਪੇਪਰ ਵਿਚ ਵੀ ਆਬਜੈਕਟਵ ਪ੍ਰਸ਼ਨਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ। ਮਿਲਾਨ ਕਰੋ ਦੇ ਪ੍ਰਸ਼ਨਾਂ ਤੇ ਪਹਿਰੇ ਵਿਚੋਂ ਲੱਭਣ ਵਾਲੇ ਪ੍ਰਸ਼ਨਾਂ ਨੂੰ ਸ਼ਾਮਲ ਕੀਤਾ ਜਾਵੇ ਜਿਸ ਨਾਲ ਬਹੁਤਾ ਕੈਲਕੂਲੇਸ਼ਨ ਵਾਲਾ ਭਾਗ ਨਹੀਂ ਹੋਣਾ ਚਾਹੀਦਾ ਕਿਉਂਕਿ ਵਿਦਿਆਰਥੀਆਂ ਨੂੰ ਇਸ ਨਾਲ ਭਾਰੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਪੇਪਰ ਬਹੁਤ ਲੰਬਾਈ ਵਾਲਾ ਤੇ ਸਮਾਂ ਖਪਤ ਕਰਨ ਵਾਲਾ ਬਣ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬੋਰਡ ਦੀ ਅੱਠਵੀਂ ਜਮਾਤ ਨੂੰ ਮਿਸ਼ਨ ਸਮਰੱਥ ਪ੍ਰੋਜੈਕਟ ਤੋਂ ਰਾਹਤ ਮਿਲਣੀ ਚਾਹੀਦੀ ਹੈ, ਜਿਸ ਨਾਲ ਵਿਦਿਆਰਥੀਆਂ ਦਾ ਸਿਲੇਬਸ ਜਲਦੀ ਨਾਲ ਪੂਰਾ ਕਰਕੇ ਦੁਹਰਾਈ ਹੋ ਸਕੇ ਤੇ ਉਹ ਵਧੀਆ ਨੰਬਰ ਪ੍ਰਾਪਤ ਕਰ ਸਕਣ। ਇਸ ਦੇ ਨਾਲ ਹੀ ਅੱਠਵੀਂ ਜਮਾਤ ਦੇ ਕੰਪਿਊਟਰ ਪੇਪਰ ਦੇ ਅੰਗਰੇਜ਼ੀ ਤੇ ਹਿੰਦੀ ਵਰਜ਼ਨ ਵਿਚ ਪ੍ਰਸ਼ਨ ਇਕੋ ਜਿਹੇ ਨਹੀਂ ਸਗੋਂ ਵੱਖ-ਵੱਖ ਸਨ। ਇਸ ਸਥਿਤੀ ਨੇ ਵੀ ਵਿਦਿਆਰਥੀਆਂ ਨੂੰ ਭੰਬਲ ਭੂਸੇ ਵਿੱਚ ਪਾਇਆ। ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਐੱਸਸੀਆਰਟੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਸ਼ਨ ਪੱਤਰ ਦੀ ਬਣਤਰ ਤੇ ਬੋਰਡ ਦੀ ਕਿਤਾਬ ਵਿਚ ਵੀ ਸੋਧ ਸਬੰਧੀ ਗੱਲਬਾਤ ਕੀਤੀ ਜਾਵੇਗੀ। ਇਸ ਮੌਕੇ ਰਜਿੰਦਰ ਸ਼ਰਮਾ, ਜਗਤਾਰ ਸਿੰਘ ਨਡਾਲੀ, ਹਰਨੇਕ ਸਿੰਘ ਸੰਧਰ, ਨਰਿੰਦਰਜੀਤ ਸਿੰਘ ਗਿੱਲ, ਜਸਵੀਰ ਚੰਦ, ਸੁਰਿੰਦਰਪਾਲ ਸਿੰਘ ਚੀਦਾ, ਕੁਲਦੀਪ ਸਿੰਘ ਮੈਰੀਪੁਰ, ਮਨੋਜ ਕੁਮਾਰ, ਦਲਬੀਰ ਸਿੰਘ, ਅੰਕੁਸ਼ ਨਾਰੰਗ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਰਮਨਦੀਪ ਸਿੰਘ,ਅਵਤਾਰ ਸਿੰਘ ਈਸ਼ਰਵਾਲ, ਕੁਲਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਤੋਪਖਾਨਾ, ਅਮਨ ਓਬਰਾਏ, ਬਲਵਿੰਦਰ ਸਿੰਘ, ਜਸਵੰਤ ਸਿੰਘ, ਤਰਮਿੰਦਰ ਸਿੰਘ ਮੱਲੀ,ਸੁਖ ਦੇਵ ਸਿੰਘ ਮੰਗੂਪੁਰ, ਸੁਰਜੀਤ ਸਿੰਘ ਮੋਠਾਂਵਾਲ, ਰਾਕੇਸ਼ ਕੁਮਾਰ ਜੱਬੋਵਾਲ, ਇੰਦਰਵੀਰ ਅਰੋੜਾ, ਮਲਕੀਤ ਸਿੰਘ ਗੋਤਰਾ, ਵਿਨੋਦ ਕੁਮਾਰ ਫਗਵਾੜਾ ਆਦਿ ਹਾਜ਼ਰ ਸਨ।