ਗੌਰਮਿੰਟ ਟੀਚਰ ਯੂਨੀਅਨ ਨੇ ਤਨਖਾਹਾਂ ਨਾ ਮਿਲਣ ’ਤੇ ਕੀਤੀ ਨਾਅਰੇਬਾਜ਼ੀ
ਗੋਰਮਿੰਟ ਟੀਚਰ ਯੂਨੀਅਨ ਨੇ ਤਨਖਾਹਾਂ ਨਾ ਮਿਲਣ ਤੇ ਕੀਤੀ ਨਾਅਰੇਬਾਜ਼ੀ
Publish Date: Fri, 13 Mar 2026 09:57 PM (IST)
Updated Date: Fri, 13 Mar 2026 10:00 PM (IST)

ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪੰਜਾਬ ਨੂੰ ਪੂਰੇ ਭਾਰਤ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਦਮਗਜ਼ੇ ਮਾਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸ਼ਾਸਨ ਸਮੇਂ ਅਧਿਆਪਕ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਤਨਖਾਹਾਂ ਤੋਂ ਵਾਂਝੇ ਹਨ, ਜਿਸ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਹੈ। ਗੌਰਮਿੰਟ ਟੀਚਰ ਯੂਨੀਅਨ ਨੇ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਪ੍ਰਦਰਸ਼ਨ ਕਰਦਿਆਂ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਉਹ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਨੂੰ ਲੋਕਾਂ ਸਾਹਮਣੇ ਰੱਖਣਗੇ। ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਨੇ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਨੂੰ ਤਨਖਾਹਾਂ ਦੇਣ ਦੀ ਬਜਾਏ ਉਨ੍ਹਾਂ ’ਤੇ ਤਸ਼ੱਸਦ ਢਾਹ ਰਹੀ ਹੈ, ਜਿਸਦੀ ਮਿਸਾਲ ਬੀਤੇ ਦਿਨ ਚੰਡੀਗੜ੍ਹ ਵਿਖੇ ਮਿਲੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਚੁਟਕਲਿਆਂ ਰਾਹੀਂ ਆਪਣਾ ਸਮਾਂ ਪੂਰਾ ਕਰ ਰਹੇ ਜਦ ਕਿ ਲੋਕ ਸੜਕਾਂ ’ਤੇ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਡੀਏ ਦੀਆਂ 16 ਫ਼ੀਸਦੀ ਕਿਸ਼ਤਾਂ ਨੂੰ ਖੂੰਜੇ ਲਾ ਕੇ ਰੱਖਿਆ ਹੋਇਆ ਹੈ, ਉੱਤੋਂ ਹੁਣ ਤਨਖਾਹਾਂ ਦੇਣ ਵਿਚ ਦੇਰੀ ਕੀਤੀ ਜਾ ਰਹੀ ਹੈ। ਸੂਬਾਈ ਆਗੂ ਰਸ਼ਪਾਲ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ’ਤੇ ਵੀ ਚੁੱਪ ਵੱਟੀ ਬੈਠੀ ਹੈ ਜਦਕਿ ਗੁਆਂਢੀ ਸੂਬਿਆਂ ਵੱਲੋਂ ਆਪਣੇ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਗਈ ਹੈ। ਮੀਤ ਪ੍ਰਧਾਨ ਪ੍ਰਦੀਪ ਸਿੰਘ ਘੁਮਾਣ, ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ ਕੇਡੀ ਨੇ ਕਿਹਾ ਕਿ ਖਜ਼ਾਨਾ ਭਰਿਆ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਅੱਜ ਚੁੱਪ ਕਿਉਂ ਬੈਠੀ ਹੈ ਜਦੋਂ ਕਿ ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਪੇ ਕਮਿਸ਼ਨ ਦੀ ਰਿਪੋਰਟ ਵੀ ਸੂਬਾ ਸਰਕਾਰ ਕੋਲੋਂ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜੇ 4 ਦਿਨਾਂ ਤੱਕ ਤਨਖਾਹਾਂ ਨਾ ਦਿੱਤੀਆਂ ਗਈਆਂ ਤਾਂ ਖਜ਼ਾਨਾ ਦਫਤਰ ਦਾ ਘੇਰਾਓ ਕੀਤਾ ਜਾਵੇਗਾ। ਇਸ ਮੌਕੇ ਬਲਬੀਰ ਸਿੰਘ ਕਾਲਰੂ, ਸੁਖਦੇਵ ਸਿੰਘ, ਅਸ਼ਵਨੀ ਕੁਮਾਰ, ਸਿੰਦਰ ਸਿੰਘ, ਅਮ੍ਰਿੰਤ ਸਿੰਘ, ਗੁਰਪ੍ਰੀਤ ਸਿੰਘ ਮਹਿਰਵਾਲਾ, ਪਰਮਿੰਦਰ ਸਿੰਘ ਸੈਦਪੁਰ, ਜਗਜੀਤ ਸਿੰਘ ਰਾਜੂ ਬੂਲਪੁਰ, ਜਗਮੋਹਣ ਸਿੰਘ, ਬਲਜੀਤ ਸਿੰਘ ਟਿੱਬਾ, ਯਾਦਵਿੰਦਰ ਸਿੰਘ ਪੰਡੋਰੀ, ਜਗਜੀਤ ਸਿੰਘ ਰਾਜੂ, ਸੁਖਨਿੰਦਰ ਸਿੰਘ, ਪਰਮਿੰਦਰ ਸਿੰਘ ਬਾਜਾ, ਪਰਮਿੰਦਰ ਸਿੰਘ ਆਰਸੀਐੱਫ, ਗਿੱਲ ਕਪੂਰਥਲਾ ਆਦਿ ਹਾਜ਼ਰ ਸਨ।