ਗਾਂ ਨੂੰ ‘ਰਾਸ਼ਟਰ ਮਾਤਾ’ ਐਲਾਨੇ ਸਰਕਾਰ : ਰਮਨ ਸ਼ਰਮਾ
ਗਾਂ ਨੂੰ "ਰਾਸ਼ਟਰ ਮਾਤਾ" ਐਲਾਣੇ ਸਰਕਾਰ ਅਤੇ ਗਊ ਹੱਤਿਆ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏ : ਰਮਨ ਸ਼ਰਮਾ
Publish Date: Mon, 27 Apr 2026 06:58 PM (IST)
Updated Date: Mon, 27 Apr 2026 07:01 PM (IST)

ਗਊ ਹੱਤਿਆ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਭਾਰਤ ਵਿਚ 27 ਅਪ੍ਰੈਲ, 2026 ਨੂੰ ਗਊ ਸਤਿਕਾਰ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਿਵ ਸੈਨਾ ਯੂਬੀਟੀ ਦੇ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ ਨੇ ਮੰਗ ਕੀਤੀ ਕਿ ਗਉ ਨੂੰ ‘ਰਾਸ਼ਟਰ ਮਾਤਾ’ ਐਲਾਨਿਆ ਜਾਵੇ ਤੇ ਗਊ ਹੱਤਿਆ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ। ਸ਼ਰਮਾ ਨੇ ਪੁੱਛਿਆ ਕਿ ਸਰਕਾਰ ਵੱਲੋਂ ਗਊ ਸੈੱਸ ਦੇ ਨਾਮ ਤੇ ਇਕੱਠਾ ਕੀਤਾ ਗਿਆ ਪੈਸਾ ਕਿੱਥੇ ਖਰਚ ਕੀਤਾ ਜਾ ਰਿਹਾ ਹੈ, ਕਿਉਂਕਿ ਗਊਆਂ ਪੰਜਾਬ ਦੀਆਂ ਸੜਕਾਂ ਤੇ ਬੇਵੱਸ ਘੁੰਮਣ ਲਈ ਮਜਬੂਰ ਹਨ। ਗਊਸ਼ਾਲਾ ਸੰਚਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਬੁੱਢੀਆਂ ਤੇ ਬਿਮਾਰ ਗਊਆਂ ਦੀ ਦੇਖਭਾਲ ਲਈ ਕੁਝ ਵੀ ਮੁਹੱਈਆ ਨਹੀਂ ਕਰਵਾਉਂਦੀ। ਉਨ੍ਹਾਂ ਨੂੰ ਗਊਸ਼ਾਲਾ ਦੀ ਦੇਖਭਾਲ ਵਿਚ ਬਹੁਤ ਮੁਸ਼ਕਲ ਆਉਂਦੀ ਹੈ। ਇਸ ਲਈ, ਸਰਕਾਰ ਨੂੰ ਗਊ ਸੈੱਸ ਦਾ ਹਿਸਾਬ ਪੰਜਾਬ ਦੇ ਲੋਕਾਂ ਨੂੰ ਪੇਸ਼ ਕਰਨਾ ਚਾਹੀਦਾ ਹੈ। ਸ਼ਿਵ ਸੈਨਾ ਯੂਬੀਟੀ ਦੇ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ ਨੇ ਸੜਕਾਂ ’ਤੇ ਬੇਸਹਾਰਾ ਨਜ਼ਰ ਆਉਂਦੀਆਂ ਗਊਆਂ ਦੀ ਦੁਰਦਸ਼ਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਕਿ ਖਰੀਦੀ ਗਈ ਲਗਭਗ ਹਰ ਵਸਤੂ ਤੇ ਲਗਾਇਆ ਗਿਆ ਗਊ ਟੈਕਸ ਕਿੱਥੇ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰ ਵਿਚ, ਗਾਵਾਂ ਅਕਸਰ ਮੁੱਖ ਸੜਕਾਂ ਤੇ, ਕੂੜੇ ਦੇ ਢੇਰਾਂ ਵਿੱਚ, ਜਾਂ ਭੋਜਨ ਦੀ ਭਾਲ ਵਿਚ ਭਟਕਦੀਆਂ ਵੇਖੀਆਂ ਜਾ ਸਕਦੀਆਂ ਹਨ। ਇਹ ਗੱਲ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ, ਫਿਰ ਵੀ ਸਰਕਾਰ ਇਨ੍ਹਾਂ ਗਾਵਾਂ ਦੀ ਰੱਖਿਆ ਲਈ ਕੋਈ ਯਤਨ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਸਨਾਤਨ ਹਿੰਦੂ ਸਮਾਜ ਵਿਚ, ਗਊ ਨੂੰ ਮਾਂ ਵਜੋਂ ਸਤਿਕਾਰਿਆ ਜਾਂਦਾ ਹੈ ਤੇ ਇਸ ਵਿਚ 33 ਕਰੋੜ ਦੇਵੀ-ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਗਊਆਂ ਦੇ ਨਿਰਾਦਰ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਰਮਨ ਸ਼ਰਮਾ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ, ਨਗਰ ਨਿਗਮ ਤੇ ਸਰਕਾਰ ਨੂੰ ਇਸ ਮੁੱਦੇ ਬਾਰੇ ਕਈ ਵਾਰ ਚੇਤਾਵਨੀ ਦਿੱਤੀ ਗਈ ਹੈ, ਪਰ ਉਨ੍ਹਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਵਾਰ ਫਿਰ ਮੰਗ ਕਰ ਰਹੇ ਹਨ ਕਿ ਗਉਆਂ ਦੇ ਨਾਮ ਤੇ ਇਕੱਠੇ ਕੀਤੇ ਟੈਕਸਾਂ ਦੀ ਚੰਗੀ ਵਰਤੋਂ ਕਰਕੇ ਬੇਸਹਾਰਾ ਗਾਵਾਂ ਦੀ ਦੇਖਭਾਲ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਜੇਕਰ ਸਰਕਾਰ ਨਹੀਂ ਜਾਗੀ, ਤਾਂ ਸ਼ਿਵ ਸੈਨਾ (ਯੂਬੀਟੀ) ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰੇਗੀ।