ਸਰਕਾਰੀ ਸਕੂਲ ਖੋਖਲੀਆਂ ਇਮਾਰਤਾਂ ਬਣਨ ਦੀ ਕਗਾਰ ’ਤੇ : ਡੀਟੀਐੱਫ
ਸਰਕਾਰੀ ਸਕੂਲ ਖੋਖਲੀਆਂ ਇਮਾਰਤਾਂ ਬਣਨ ਦੀ ਕਗਾਰ ਤੇ- ਡੀ.ਟੀ. ਐੱਫ
Publish Date: Fri, 24 Apr 2026 08:13 PM (IST)
Updated Date: Fri, 24 Apr 2026 08:16 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਇਕਾਈ ਫਗਵਾੜਾ ਦੇ ਪ੍ਰਧਾਨ ਗੁਰਮੁਖ ਲੋਕਪ੍ਰੇਮੀ ਜਨਰਲ ਸਕੱਤਰ ਹਰਜਿੰਦਰ ਸਿੰਘ ਅਤੇ ਬਲਾਕ ਆਗੂਆਂ ਮਲਕੀਤ ਸਿੰਘ, ਜਤਿੰਦਰ ਕੁਮਾਰ, ਸੁਰਿੰਦਰ ਰਾਮ ਅਤੇ ਸਤਨਾਮ ਪਰਮਾਰ ਆਦਿ ਨੇ ਜਾਣਕਾਰੀ ਸਾਂਝੀ ਕੀਤੀ ਕਿ ਸਰਕਾਰੀ ਸਕੂਲਾਂ ਦੇ ਨਵੇਂ ਵਿੱਦਿਅਕ ਵਰ੍ਹੇ ਦੇ ਸ਼ੁਰੂ ਹੁੰਦਿਆਂ ਹੀ ਸਿੱਖਿਆ ਵਿਰੋਧੀ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ। ਰੋਜ਼ਾਨਾ ਧੜਾਧੜ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਜਿਵੇਂ ਜਨਗਣਨਾ, ਬੀਐੱਲਓ, ਡਰੱਗ ਜਨਗਣਨਾ, ਸਿਹਤ ਯੋਜਨਾ ਬੀਮਾ ਕਾਰਡ ਬਣਾਉਣ, ਐੱਸਆਈਆਰ ਵੋਟ ਛਾਂਟੀ ਆਦਿ ਵਿੱਚ ਡਿਊਟੀਆਂ ਲਾਈਆਂ ਜਾ ਰਹੀਆਂ ਹਨ, ਜਦਕਿ ਪਹਿਲਾਂ ਤੋਂ ਹੀ ਵੀਹ ਹਜ਼ਾਰ ਤੋਂ ਵੱਧ ਅਧਿਆਪਕ ਬੀਐੱਲਓ ਡਿਊਟੀ ਕਰ ਰਹੇ ਹਨ। ਬੇਸ਼ੱਕ ਜਨਗਣਨਾ ਡਿਊਟੀ ਸਕੂਲ ਸਮੇਂ ਤੋਂ ਬਾਅਦ ਕਰਨ ਲਈ ਕਿਹਾ ਜਾ ਰਿਹਾ ਹੈ, ਪਰ ਇਸ ਨਾਲ਼ ਵੀ ਅਧਿਆਪਕ ਤੇ ਦੋਹਰੇ ਕੰਮ ਦਾ ਬੋਝ ਹੋਣ ਕਾਰਨ ਅਧਿਆਪਨ ਦੀ ਗੁਣਵੱਤਾ ਤੇ ਬਹੁਤ ਮਾੜਾ ਅਸਰ ਪੈਣਾ ਹੈ। ਕਈ ਸਕੂਲਾਂ ਦਾ ਸਾਰਾ ਸਟਾਫ ਹੀ ਗੈਰ ਵਿੱਦਿਅਕ ਡਿਊਟੀ ’ਤੇ ਤੋਰ ਦਿੱਤਾ ਗਿਆ ਹੈ। ਆਗੂਆਂ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਚੱਲ ਰਹੀ ਹੈ। ਉੱਪਰੋਂ ਸਕੂਲਾਂ ਵਿੱਚ ਰੋਜ਼ਾਨਾ ਆਨਲਾਈਨ, ਆਫਲਾਈਨ ਡਾਕਾਂ, ਸੂਚਨਾਵਾਂ, ਗੂਗਲ ਫਾਰਮ ਭਰਨ, ਫੋਟੂਆਂ ਅੱਪਲੋਡ ਕਰਨ, ਨਵੀਆਂ ਨਵੀਆਂ ਐਪਾਂ ਵਿੱਚ ਡਾਟਾ ਭਰਨ, ਗ੍ਰਾਂਟਾ ਦਾ ਅਤੇ ਮਿਡ-ਡੇ-ਮੀਲ ਦਾ ਹਿਸਾਬ ਰੱਖਣ ਅਤੇ ਹੋਰ ਸੌ ਤਰ੍ਹਾਂ ਦੇ ਕਲਰਕੀ ਕੰਮਾਂ ਨੇ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਉਲਝਾ ਕੇ ਰੱਖਿਆ ਹੋਇਆ ਹੈ। ਡੀਟੀਐੱਫ ਆਗੂਆਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਇਸ ਗੈਰ ਵਿੱਦਿਅਕ ਮਾਹੌਲ ਕਾਰਨ ਸਰਕਾਰੀ ਸਕੂਲ ਖੋਖਲੀਆਂ ਇਮਾਰਤਾਂ ਹੀ ਰਹਿ ਜਾਣਗੀਆਂ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਵਾਧੂ ਕੰਮਾਂ ਲਈ ਪੜ੍ਹੇ ਲਿਖੇ ਬੇਰੁਜ਼ਗਾਰਾਂ ਤੋਂ ਚੰਗੇ ਮਾਣ ਭੱਤੇ ਦੇ ਕੇ ਕੰਮ ਕਰਵਾਇਆ ਜਾਵੇ, ਅਤੇ ਅਧਿਆਪਕਾਂ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ। ਸਕੂਲਾਂ ਵਿੱਚ ਅਧਿਆਪਕ, ਕਲਰਕ, ਸੇਵਾਦਾਰ, ਸਵੀਪਰ, ਚੌਕੀਦਾਰ ਅਤੇ ਮਾਲੀ ਆਦਿ ਸਟਾਫ ਦੀਆਂ ਭਾਰਤੀਆਂ ਕੀਤੀਆਂ ਜਾਣ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਗ਼ਰੀਬ ਬੱਚਿਆਂ ਦੀ ਸਿੱਖਿਆ ਦਾ ਇੱਕੋ-ਇੱਕ ਸਹਾਰਾ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਜੁੜ ਕੇ ਸੰਘਰਸ਼ ਕਰਨ।