ਭੁਲੱਥ-ਕਰਤਾਰਪੁਰ ਸੜਕ ਨਿਰਮਾਣ ਨੂੰ ਜਲਦ ਮੁਕੰਮਲ ਕੀਤਾ ਜਾਵੇ : ਗੋਰਾ ਗਿੱਲ
ਗੋਰਾ ਗਿੱਲ ਨੇ ਭੁਲੱਥ-ਕਰਤਾਰਪੁਰ ਸੜਕ ਨਿਰਮਾਣ ਸੰਬੰਧੀ ਪੀਡਬਲਿਊਡੀ ਐਸਈ ਜਲੰਧਰ ਨੂੰ ਲਿਖੀ ਚਿੱਠੀ
Publish Date: Tue, 21 Apr 2026 10:03 PM (IST)
Updated Date: Tue, 21 Apr 2026 10:07 PM (IST)

ਭਾਜਪਾ ਨੇਤਾ ਨੇ ਪੀਡਬਲਿਊਡੀ ਦੇ ਐੱਸਈ ਜਲੰਧਰ ਨੂੰ ਲਿਖੀ ਚਿੱਠੀ ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਭੁਲੱਥ ਤੋਂ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਭੁਲੱਥ-ਕਰਤਾਰਪੁਰ ਸੜਕ ਦੇ ਅਧੂਰੇ ਪਏ ਨਿਰਮਾਣ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਐੱਸਈ ਪੀਡਬਲਿਊਡੀ ਜਲੰਧਰ ਨੂੰ ਚਿੱਠੀ ਲਿਖੀ ਹੈ। ਇਸ ਦੀਆਂ ਕਾਪੀਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਡਿਪਟੀ ਕਮਿਸ਼ਨਰ ਜਲੰਧਰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੀ ਭੇਜੀਆਂ ਗਈਆਂ ਹਨ। ਆਪਣੀ ਚਿੱਠੀ ਵਿਚ ਗੋਰਾ ਗਿੱਲ ਨੇ ਦਰਸਾਇਆ ਕਿ ਭੁਲੱਥ ਤੋਂ ਕਰਤਾਰਪੁਰ ਜਾਣ ਵਾਲੀ ਸੜਕ ਨੂੰ ਕਰਤਾਰਪੁਰ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਸਬੰਧਤ ਕੰਮਾਂ ਕਰਕੇ 2 ਦਸੰਬਰ 2025 ਨੂੰ ਦੋ ਮਹੀਨਿਆਂ ਵਿਚ ਕੰਮ ਪੂਰਾ ਕਰਨ ਦੇ ਟੀਚੇ ਨਾਲ ਬੰਦ ਕੀਤਾ ਗਿਆ ਸੀ ਪਰ ਪੰਜ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸੜਕ ਦਾ ਨਿਰਮਾਣ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸੀਵਰੇਜ ਨਾਲ ਸਬੰਧਤ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ, ਪਰ ਸੜਕ ਨੂੰ ਅਜੇ ਤੱਕ ਜਨਤਕ ਆਵਾਜਾਈ ਲਈ ਬਹਾਲ ਨਹੀਂ ਕੀਤਾ ਗਿਆ, ਜਿਸ ਕਾਰਨ ਭੁਲੱਥ, ਬੇਗੋਵਾਲ, ਨਡਾਲਾ ਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਭਾਰੀ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਪੂਰਥਲਾ ਤੇ ਜਲੰਧਰ ਜਾਣ ਵਾਲੇ ਸਰਕਾਰੀ ਤੇ ਨਿੱਜੀ ਕਰਮਚਾਰੀ ਵੀ ਰੋਜ਼ਾਨਾ ਪਰੇਸ਼ਾਨੀ ਝੱਲ ਰਹੇ ਹਨ। ਗੋਰਾ ਗਿੱਲ ਨੇ ਹੋਰ ਕਿਹਾ ਕਿ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਭੁਲੱਥ, ਬੇਗੋਵਾਲ, ਇਬਰਾਹਿਮਵਾਲ, ਨਡਾਲਾ, ਰਾਮਗੜ੍ਹ ਤੇ ਖੱਸਣ ਵਰਗੀਆਂ ਵੱਡੀਆਂ ਅਨਾਜ ਮੰਡੀਆਂ ਤੱਕ ਫਸਲਾਂ ਦੀ ਢੋਆ-ਢੁਆਈ ਪ੍ਰਭਾਵਿਤ ਹੋ ਰਹੀ ਹੈ, ਜਦਕਿ ਕਰਤਾਰਪੁਰ ਰੇਲਵੇ ਸਟੇਸ਼ਨ ਤੱਕ ਪਹੁੰਚਣ ਵਿਚ ਵੀ ਕਿਸਾਨਾਂ ਨੂੰ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਇਸ ਸੜਕ ਨੂੰ ਖੇਤੀਬਾੜੀ ਤੇ ਰੋਜ਼ਾਨਾ ਆਵਾਜਾਈ ਲਈ ਇਕ ਮਹੱਤਵਪੂਰਨ ਲਿੰਕ ਦੱਸਦਿਆਂ ਮੰਗ ਕੀਤੀ ਕਿ ਤੁਰੰਤ ਸੁਧਾਰਾਤਮਕ ਕਦਮ ਚੁੱਕਦੇ ਹੋਏ ਸੜਕ ਦਾ ਨਿਰਮਾਣ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆ ਰਹੀ ਮੁਸ਼ਕਲ ਤੋਂ ਰਾਹਤ ਮਿਲ ਸਕੇ।