ਜੀ.ਐਨ.ਏ ਯੂਨੀਵਰਸਿਟੀ ਵੱਲੋਂ ਸਮਾਰਟ ਇੰਡੀਆ ਹੈਕਾਥਾਨ (ਐਸਆਈਐਚ) 2025 ਲਈ ਇੰਟਰਨਲ ਹੈਕਾਥਾਨ ਦਾ ਆਯੋਜਨ
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਜੀਐੱਨਏ ਯੂਨੀਵਰਸਿਟੀ ਨੇ 24 ਸਤੰਬਰ 2025 ਨੂੰ ਸਫਲਤਾਪੂਰਵਕ ਇੰਟਰਨਲ ਹੈਕਾਥਾਨ ਦਾ ਆਯੋਜਨ ਕੀਤਾ, ਜਿਸਦਾ ਉਦੇਸ਼ ਪ੍ਰਤਿਸ਼ਠਿਤ ਸਮਾਰਟ ਇੰਡੀਆ ਹੈਕਾਥਾਨ (ਐੱਸਆਈਐੱਚ) 2025 ਲਈ ਟੀਮਾਂ ਦੀ ਚੋਣ ਕਰਨਾ ਸੀ। ਇਹ ਭਾਰਤ ਸਰਕਾਰ ਦੀ ਇਕ ਮਹੱਤਵਪੂਰਨ ਪਹਿਲ ਹੈ, ਜਿਸ ਦਾ ਮਕਸਦ ਯੁਵਾਂ ’ਚ ਨਵਾਟਾਂ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਉਤਸ਼ਾਹਿਤ ਕਰਨਾ ਹੈ। ਸਮਾਗਮ ’ਚ ’ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੁੱਲ 58 ਟੀਮਾਂ ਨੇ ਮੁਕਾਬਲਾ ਕੀਤਾ ਤੇ ਕ੍ਰਿਤ੍ਰਮ ਬੁੱਧੀ, ਰੋਬੋਟਿਕਸ, ਹੈਲਥਕੇਅਰ ਟੈਕਨੋਲੋਜੀ, ਖੇਤੀਬਾੜੀ, ਨਵੀਨੀਕਰਨਯੋਗ ਊਰਜਾ ਤੇ ਸਮਾਰਟ ਸਿਟੀ ਵਿਕਾਸ ਵਰਗੇ ਖੇਤਰਾਂ ਵਿੱਚ ਆਪਣੇ ਨਵੀਂ ਸੋਚ ਵਾਲੇ ਹੱਲ ਪੇਸ਼ ਕੀਤੇ।
ਹੈਕਾਥਾਨ ਦੀ ਸ਼ੁਰੂਆਤ ਜੀਐੱਨਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਨੇ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਸਾਹਮਣੇ ਆ ਰਹੀਆਂ ਮੁੱਖ ਚੁਣੌਤੀਆਂ ਦਾ ਹੱਲ ਕੱਢਣ ਲਈ ਤਕਨਾਲੋਜੀ ਨੂੰ ਇਕ ਸਾਧਨ ਵਜੋਂ ਵਰਤਣ ਲਈ ਪ੍ਰੇਰਿਆ ਤੇ ਸਮਾਰਟ ਇੰਡੀਆ ਹੈਕਾਥਾਨ ਨੂੰ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣ ਲਈ ਯੁਵਾ ਨਵਾਟੀਆਂ ਲਈ ਮਹੱਤਵਪੂਰਨ ਮੰਚ ਵਜੋਂ ਦਰਸਾਇਆ। ਡੀਨ ਅਕੈਡਮਿਕਸ ਡਾ. ਮੋਨਿਕਾ ਹੰਸਪਾਲ ਨੇ ਚੁਣੀਆਂ ਗਈਆਂ ਟੀਮਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਯਾਸ ਨਾ ਸਿਰਫ਼ ਤਕਨੀਕੀ ਕਾਬਲੀਅਤ ਨੂੰ ਨਿਖਾਰਦੇ ਹਨ, ਬਲਕਿ ਵਿਦਿਆਰਥੀਆਂ ’ਚ ਰਚਨਾਤਮਕਤਾ, ਟੀਮ ਵਰਕ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵੀ ਵਿਕਸਤ ਕਰਦੇ ਹਨ। ਫੈਕਲਟੀ ਮੈਂਬਰਾਂ ਤੇ ਉਦਯੋਗ ਮਾਹਿਰਾਂ ਦੀ ਇਕ ਪੈਨਲ ਵੱਲੋਂ ਕੀਤੇ ਗਏ ਕਠੋਰ ਮੁੱਲਾਂਕਣ ਤੋਂ ਬਾਅਦ, ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਰਾਸ਼ਟਰੀ ਪੱਧਰ 'ਤੇ ਜੀਐੱਨਏ ’ਵਰਸਿਟੀ ਦੀ ਨੁਮਾਇੰਦਗੀ ਲਈ ਚੁਣਿਆ ਗਿਆ।
ਚਾਂਸਲਰ ਸ਼੍ਰੀ ਗੁਰਦੀਪ ਸਿੰਘ ਸਿਹਰਾ ਨੇ ਵਿਦਿਆਰਥੀਆਂ ਦੇ ਜੋਸ਼ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ, “ਇੰਨੋਵੇਸ਼ਨ ਹੀ ਰਾਸ਼ਟਰ ਨਿਰਮਾਣ ਦਾ ਕੇਂਦਰ ਹੈ। ਉਸਨੂੰ ਮਾਣ ਹੈ ਕਿ ਸਾਡੇ ਵਿਦਿਆਰਥੀ ਅਸਲ ਦੁਨੀਆ ਦੀਆਂ ਚੁਣੌਤੀਆਂ ਨੂੰ ਜਜ਼ਬੇ ਤੇ ਰਚਨਾਤਮਕਤਾ ਨਾਲ ਹੱਲ ਕਰ ਰਹੇ ਹਨ। ਜੀਐੱਨਏ ’ਵਰਸਿਟੀ ਹਮੇਸ਼ਾਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੇ ਮੰਚ ਮੁਹੱਈਆ ਕਰਦੀ ਰਹੇਗੀ, ਤਾਂ ਜੋ ਉਹ ਗਲੋਬਲ ਪ੍ਰਾਬਲਮ-ਸਾਲਵਰ ਬਣ ਸਕਣ।” ਸਮਾਗਮ ਦਾ ਸਮਾਪਨ ਡਾ. ਸੀ. ਆਰ. ਤ੍ਰਿਪਾਠੀ, ਐਸਪੀੳਸੀ ਐਸਆਈਐਚ 2025 ਵੱਲੋਂ ਧੰਨਵਾਦ ਪ੍ਰਗਟਾਵੇ ਨਾਲ ਹੋਇਆ, ਜਿਸ ’ਚ ਉਨ੍ਹਾਂ ਨੇ ਮੈਂਟਰਾਂ, ਫੈਕਲਟੀ ਤੇ ਭਾਗੀਦਾਰਾਂ ਦੇ ਯੋਗਦਾਨ ਲਈ ਸ਼ੁਕਰਾਨਾ ਅਦਾ ਕੀਤਾ। ਇਸ ਇੰਟਰਨਲ ਹੈਕਾਥਾਨ ਰਾਹੀਂ ਜੀਐੱਨਏ ’ਵਰਸਿਟੀ ਨੇ ਆਪਣੇ ਵਿਦਿਆਰਥੀਆਂ ’ਚ ਨਵਾਟਾ, ਉੱਦਮਤਾ ਤੇ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ।