ਮੇਹਲੀ ਗੇਟ ਇਲਾਕੇ ‘ਚ ਬਣੇ ਕੂੜੇ ਦੇ ਡੰਪ ਨੇ ਜਿਊਣਾ ਕੀਤਾ ਮੁਹਾਲ
ਮੇਹਲੀ ਗੇਟ ਇਲਾਕੇ ‘ਚ ਬਣੇ ਕੂੜੇ ਦੇ ਡੰਪ ਨੇ ਫਿਰ ਕੀਤਾ ਜੀਉਣਾ ਮੁਹਾਲ
Publish Date: Fri, 15 May 2026 06:54 PM (IST)
Updated Date: Fri, 15 May 2026 06:57 PM (IST)

ਨੋਟ--ਇਕ ਫੋਟੋ ਲਗਾਓ------------------------ ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਸ਼ਹਿਰ ਦੇ ਮੇਹਲੀ ਗੇਟ ਤੋਂ ਪ੍ਰੋਫੈਸਰ ਕਾਲੋਨੀ, ਗੁਰੂ ਹਰਕ੍ਰਿਸ਼ਨ ਨਗਰ ਵੱਲ ਜਾਣ ਵਾਲੇ ਐਂਟਰੀ ਚੌਕ ਕੋਲ ਗਉਸ਼ਾਲਾ ਦੇ ਬਾਹਰ ਲੱਗੇ ਕੂੜੇ ਦੇ ਵੱਡੇ ਡੰਪ ਨੇ ਪੂਰੇ ਇਲਾਕੇ ਦੀ ਜ਼ਿੰਦਗੀ ਮੁਹਾਲ ਕਰ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਨਗਰ ਨਿਗਮ ਦੇ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਚੱਲ ਰਹੀ ਹੜਤਾਲ ਕਾਰਨ ਇਸ ਡੰਪ ਤੋਂ ਕੂੜਾ ਨਹੀਂ ਚੁੱਕਿਆ ਗਿਆ, ਜਿਸ ਨਾਲ ਇਲਾਕਾ ਨਿਵਾਸੀ ਅਤੇ ਰਾਹਗੀਰ ਨਰਕ ਵਰਗੀ ਜ਼ਿੰਦਗੀ ਭੋਗਣ ਲਈ ਮਜਬੂਰ ਹੋ ਰਹੇ ਹਨ। ਇਲਾਕੇ ਦੇ ਵਸਨੀਕਾਂ ਅਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਡੰਪ ਦੇ ਨੇੜੇ ਹੀ ਸ਼ਿਵ ਮੰਦਰ, ਗੁਰਦੁਆਰਾ ਸਾਹਿਬ ਅਤੇ ਵਰਿੰਦਰ ਪਾਰਕ ਸਥਿਤ ਹਨ, ਜਿੱਥੇ ਹਰ ਰੋਜ਼ ਸਵੇਰੇ-ਸ਼ਾਮ ਸੈਂਕੜੇ ਸ਼ਰਧਾਲੂ ਅਤੇ ਸੈਰ ਕਰਨ ਵਾਲੇ ਲੋਕ ਆਉਂਦੇ ਹਨ। ਪਰ ਸਾਰਾ ਦਿਨ ਅਤੇ ਰਾਤ ਸਮੇਂ ਇਥੋਂ ਉੱਠਦੀ ਜ਼ਹਿਰੀਲੀ ਬਦਬੂ ਕਾਰਨ ਲੋਕਾਂ ਲਈ ਇੱਥੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਸਥਿਤੀ ਇੰਨੀ ਖਰਾਬ ਹੈ ਕਿ ਨੱਕ ਢੱਕ ਕੇ ਲੰਘਣਾ ਵੀ ਕਿਲਾ ਜਿੱਤਣ ਦੇ ਬਰਾਬਰ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਮੱਸਿਆ ਨਵੀਂ ਨਹੀਂ ਹੈ। ਹਰ ਚੋਣ ਦੌਰਾਨ ਇਹ ਮੁੱਦਾ ਜ਼ੋਰਾਂ ਨਾਲ ਉੱਠਦਾ ਹੈ ਅਤੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਚੋਣਾਂ ਦਾ ਸ਼ੋਰ-ਸ਼ਰਾਬਾ ਖਤਮ ਹੋਣ ਦੇ ਨਾਲ ਹੀ ਮਾਮਲਾ ਠੰਢੇ ਬਸਤੇ ਵਿਚ ਪੈ ਜਾਂਦਾ ਹੈ। ਦੋ ਸਾਲ ਪਹਿਲਾਂ ਇਹ ਮਾਮਲਾ ਜ਼ਿਲ੍ਹਾ ਅਦਾਲਤ ਤੱਕ ਵੀ ਪਹੁੰਚਿਆ ਸੀ। ਉਸ ਸਮੇਂ ਜ਼ਿਲ੍ਹਾ ਲੋਕ ਅਦਾਲਤ ਨੇ ਸਮਾਜਿਕ ਕਾਰਜਕਰਤਾ ਸੰਜੀਵ ਘਈ ਦੀ ਪੀਆਈਐੱਲ ‘ਤੇ ਸੁਣਵਾਈ ਕਰਦਿਆਂ ਜੁਲਾਈ 2024 ਵਿਚ ਡੰਪ ਨੂੰ ਪੱਕੇ ਤੌਰ ‘ਤੇ ਹਟਾਉਣ ਅਤੇ ਜਗ੍ਹਾ ਦੀ ਸਫਾਈ ਕਰਵਾ ਕੇ ਕਾਰਪੋਰੇਸ਼ਨ ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਇਸ ਆਦੇਸ਼ ‘ਤੇ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਸਮਾਜਿਕ ਕਾਰਜਕਰਤਾ ਸੰਜੀਵ ਘਈ ਲੱਕੀ ਅਤੇ ਪਰਸ਼ੂ ਰਾਮ ਸੈਨਾ ਦੇ ਸੂਬਾ ਮੀਤ ਪ੍ਰਧਾਨ ਹਰਿਓਮ ਸ਼ਰਮਾ ਲਵਲੀ ਨੇ ਨਗਰ ਨਿਗਮ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਤੁਰੰਤ ਇਸ ਡੰਪ ਤੋਂ ਕੂੜਾ ਚੁਕਵਾਇਆ ਜਾਵੇ ਅਤੇ ਰੋਜ਼ਾਨਾ ਸਫਾਈ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਮੂਹ ਇਲਾਕਾ ਨਿਵਾਸੀ ਵੱਡਾ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਵਧਦੀ ਅਬਾਦੀ ਨਾਲ ਇਹ ਸਮੱਸਿਆ ਹੋਰ ਵੀ ਭਿਆਨਕ ਬਣਦੀ ਜਾ ਰਹੀ ਹੈ ਅਤੇ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਇਹ ਸਿਹਤ ਸੰਬੰਧੀ ਵੱਡੇ ਖਤਰੇ ਦਾ ਰੂਪ ਧਾਰ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਨਿਗਮ ਪ੍ਰਸ਼ਾਸਨ ਕਦੋਂ ਜਾਗਦਾ ਹੈ ਅਤੇ ਲੋਕਾਂ ਨੂੰ ਇਸ ਮੁਸੀਬਤ ਤੋਂ ਰਾਹਤ ਮਿਲਦੀ ਹੈ ਜਾਂ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ।