ਗੈਂਗਸਟਰ ਸੁੱਖਾ ਕਾਹਲਵਾਂ ਦੇ ਸਾਥੀ ਗੋਪੀ ਨਿੱਜਰ ਦਾ ਗੋਲ਼ੀਆਂ ਮਾਰ ਕੇ ਕਤਲ
ਗੈਂਗਸਟਰ ਸੁੱਖਾ ਕਾਹਲਵਾਂ ਦੇ ਸਾਥੀ ਗੋਪੀ ਨਿੱਜਰ ਦੀ ਗੋਲੀਆਂ ਮਾਰ ਕੇ ਹੱਤਿਆ
Publish Date: Fri, 01 May 2026 08:37 PM (IST)
Updated Date: Sat, 02 May 2026 04:14 AM (IST)

- ਢਿਲਵਾਂ ਜੀਟੀ ਰੋਡ ’ਤੇ ਦੇਰ ਰਾਤ ਵਾਰਦਾਤ, ਪੁਲਿਸ ਵੱਲੋਂ ਛਾਪੇਮਾਰੀ ਜਾਰੀ ਕੈਪਸ਼ਨ: 1ਕੇਪੀਟੀ32, 33 ਢਿੱਲਵਾਂ ਜੀਟੀ ਰੋਡ ‘ਤੇ ਵਾਰਦਾਤ ਮਗਰੋਂ ਮੌਕੇ ਦੀ ਜਾਂਚ ਕਰਦੀ ਪੁਲਿਸ ਟੀਮ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਜਰ ਦੀ ਤਸਵੀਰ। ਸੁਖਪਾਲ ਸਿੰਘ ਹੁੰਦਲ/ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਕਪੂਰਥਲਾ : ਗੈਂਗਸਟਰ ਸੁੱਖਾ ਕਾਹਲਵਾਂ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਜਰ ਦੀ ਦੇਰ ਰਾਤ ਢਿੱਲਵਾਂ ਜੀਟੀ ਰੋਡ ’ਤੇ ਏਵਨ ਪੈਲੇਸ ਨੇੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਗੋਪੀ ਨਿੱਜਰ ਢਿੱਲਵਾਂ ਦੇ ਇੱਕ ਰੈਸਟੋਰੈਂਟ ਤੋਂ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਸ਼ਾਮ ਕਰੀਬ 7 ਵਜੇ ਗੋਪੀ ਨਿੱਜਰ ਆਪਣੀ ਕਾਰ ’ਚ ਢਿੱਲਵਾਂ ਦੇ ਇੱਕ ਰੈਸਟੋਰੈਂਟ ਗਿਆ ਸੀ। ਵਾਪਸੀ ਦੌਰਾਨ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਘੇਰ ਕੇ ਤਾਬੜ-ਤੋੜ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਥਾਣਾ ਢਿਲਵਾਂ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸਵੇਰੇ ਕਰੀਬ 3:45 ਵਜੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ’ਚ ਰਖਵਾਇਆ। ਮ੍ਰਿਤਕ ਗੋਪੀ ਨਿੱਜਰ ਪਿੰਡ ਜੈਰਾਮਪੁਰ (ਜ਼ਿਲ੍ਹਾ ਕਪੂਰਥਲਾ) ਦਾ ਵਾਸੀ ਸੀ ਅਤੇ ਉਹ ਸੁੱਖਾ ਕਾਹਲਵਾਂ ਹੱਤਿਆ ਮਾਮਲੇ ’ਚ ਮੁੱਖ ਗਵਾਹ ਵੀ ਰਹਿ ਚੁੱਕਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਗਵਾਹੀ ਦੇਣ ਤੋਂ ਬਾਅਦ ਉਸ ਦੀ ਜਾਨ ਨੂੰ ਲਗਾਤਾਰ ਖ਼ਤਰਾ ਸੀ। ਮ੍ਰਿਤਕ ਦੀ ਮਾਤਾ ਗੁਲਜਿੰਦਰ ਕੌਰ ਉਰਫ਼ ਰਾਣੀ ਨੇ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਅਕਸਰ ਰਾਤ ਨੂੰ ਇਕੱਲੇ ਨਾ ਜਾਣ ਲਈ ਕਹਿੰਦੀ ਸੀ, ਪਰ ਉਹ ਨਿਡਰ ਹੋ ਕੇ ਕਹਿੰਦਾ ਸੀ ਕਿ ਉਸ ਨਾਲ ਵਾਹਿਗੁਰੂ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ’ਚ ਚਾਰ ਭੈਣ-ਭਰਾ ਹਨ, ਜਿਨ੍ਹਾਂ ਵਿਚੋਂ ਦੋ ਭੈਣਾਂ ਤੇ ਇਕ ਭਰਾ ਵਿਦੇਸ਼ ਵਿਚ ਹਨ, ਜਦਕਿ ਗੋਪੀ ਅਣਵਿਆਹਿਆ ਸੀ । ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ’ਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਸਨ, ਹਾਲਾਂਕਿ ਉਹ ਸੁੱਖਾ ਕਾਹਲਵਾਂ ਹੱਤਿਆ ਮਾਮਲੇ ’ਚ ਬਰੀ ਹੋ ਚੁੱਕਾ ਸੀ । ਸੋਸ਼ਲ ਮੀਡੀਆ ’ਤੇ ਵਾਇਰਲ ਪੋਸਟ ਦੀ ਵੀ ਜਾਂਚ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਗੈਂਗ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ, ਪਰ ਇਸ ਐਂਗਲ ਤੋਂ ਵੀ ਜਾਂਚ ਜਾਰੀ ਹੈ।