ਭਰੋਆਣਾ ਵਿਖੇ ਚੌਥਾ ਦਸਤਾਰ ਮੁਕਾਬਲਾ ਵਿਸਾਖੀ ’ਤੇ
ਭਰੋਆਣਾ ਵਿਖੇ ਚੌਥਾ ਦਸਤਾਰ ਮੁਕਾਬਲਾ ਵਿਸਾਖੀ ਵਾਲੇ ਦਿਨ
Publish Date: Thu, 09 Apr 2026 08:17 PM (IST)
Updated Date: Thu, 09 Apr 2026 08:20 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੱਚਿਆਂ ਨੂੰ ਦਸਤਾਰ ਪ੍ਰਤੀ ਪ੍ਰੇਰਿਤ ਕਰਨ ਲਈ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਸਿੱਖ ਧਰਮ ਦੀ ਵਿਰਾਸਤ ਨਾਲ ਜੁੜ ਸਕੇ ਤੇ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਹੋ ਸਕੇ। ਦਸਤਾਰ ਮੁਕਾਬਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਦਵਿੰਦਰ ਸਿੰਘ ਭਰੋਆਣਾ, ਹਜ਼ੂਰੀ ਕਥਾਵਾਚਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਡੱਲਾ ਨੇ ਦੱਸਿਆ ਕਿ ਮੁਖੀ ਕਾਰ ਸੇਵਾ ਸੰਤ ਬਾਬਾ ਘੋਲਾ ਸਿੰਘ ਜੀ ਦੀ ਸਰਪ੍ਰਸਤੀ ਤੇ ਬੀਬੀ ਗੁਰਪ੍ਰੀਤ ਕੌਰ ਮੈਂਬਰ ਐੱਸਜੀਪੀਸੀ, ਜਥੇਦਾਰ ਬਾਬਾ ਅਵਤਾਰ ਸਿੰਘ, ਭਾਈ ਦਲਜੀਤ ਸਿੰਘ ਗ੍ਰੰਥੀ ਸਿੰਘ ਤੇ ਸੰਗਤਾਂ ਦੇ ਸਹਿਯੋਗ ਨਾਲ 14 ਅਪ੍ਰੈਲ ਦਿਨ ਮੰਗਲਵਾਰ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ’ਤੇ ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ, ਪਿੰਡ ਭਰੋਆਣਾ, ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪਹਿਲੇ ਗਰੁੱਪ ਵਿਚ 5 ਤੋਂ 12 ਸਾਲ ਤੱਕ, ਦੂਸਰਾ ਗਰੁੱਪ 13 ਤੋਂ 18 ਸਾਲ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਬੱਚੇ ਕੇਸਾਧਾਰੀ ਹੋਣ, ਲੜਕੇ/ ਲੜਕੀਆਂ ਦੋਨੋਂ ਭਾਗ ਲੈ ਸਕਦੇ ਹਨ, ਦਸਤਾਰ ਬੰਨਣ ਦਾ ਸਮਾਂ 20 ਮਿੰਟ ਦਾ ਹੋਵੇਗਾ, ਹਰੇਕ ਬੱਚਾ ਆਪਣਾ ਆਈਡੀ ਪਰੂਫ ਲੈ ਕੇ ਆਵੇ, ਆਪਣਾ ਲੋੜੀਂਦਾ ਸਮਾਨ ਸ਼ੀਸ਼ਾ, ਦਸਤਾਰਾਂ ਲੈ ਕੇ ਆਉਣ। ਇਸ ਦਸਤਾਰ ਮੁਕਾਬਲੇ ਵਿਚ ਭਾਗ ਲੈਣ ਵਾਲੇ ਹਰ ਬੱਚੇ ਦਾ ਤੇ ਦੁਬਾਰਾ ਕੇਸ ਰੱਖਣ ਵਾਲੇ ਬੱਚੇ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ। ਬੱਚਿਆਂ ਦਾ ਵਿਸ਼ੇਸ਼ ਸਨਮਾਨ ਭਾਈ ਹਰਜੀਤ ਸਿੰਘ ਪ੍ਰਚਾਰਕ ਵੱਲੋਂ ਮੈਡਲ ਤੇ ਟਰਾਫੀਆਂ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਗਰੁੱਪ ਵਿਚ ਪਹਿਲਾ ਇਨਾਮ 1500, ਦੂਜਾ ਇਨਾਮ 1000, ਤੀਜਾ ਇਨਾਮ 500 ਰੁਪਏ। ਇਸੇ ਤਰ੍ਹਾਂ ਦੂਜੇ ਗਰੁੱਪ ਵਿਚ ਪਹਿਲਾ ਇਨਾਮ 3100 ਰੁਪਏ, ਦੂਜਾ ਇਨਾਮ 2100 ਰੁਪਏ, ਤੀਜਾ ਇਨਾਮ 1100 ਰੁਪਏ ਦਿੱਤਾ ਜਾਵੇਗਾ। ਉਨ੍ਹਾਂ ਇਲਾਕੇ ਭਰ ਦੇ ਬੱਚਿਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਦਸਤਾਰ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਸ਼ਿਰਕਤ ਕੀਤੀ ਜਾਵੇ ਤਾਂ ਜੋ ਆਪਣੇ ਵਿਰਸੇ ਨਾਲ ਜੁੜ ਸਕੀਏ।