ਸਾਬਕਾ ਵਿਧਾਇਕ ਚੀਮਾ ਬਾਦਲ ’ਤੇ ਇਲਜਾਮ ਲਾ ਕੇ ਗੁਨਾਹ ਛੁਪਾਉਣ ਦੀ ਕਰ ਰਹੇ ਕੋਸ਼ਿਸ਼ : ਆਹਲੀ
ਸਾਬਕਾ ਵਿਧਾਇਕ ਚੀਮਾ ਅੱਜ ਸੁਖਬੀਰ ਬਾਦਲ ਤੇ ਇਲਜਾਮ ਲਗਾਕੇ ਆਪਣੇ ਗੁਨਾਹ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ : ਆਹਲੀ
Publish Date: Sat, 30 Aug 2025 08:27 PM (IST)
Updated Date: Sun, 31 Aug 2025 04:08 AM (IST)

--ਕਿਹਾ-ਸੋ ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ ਵਾਲੀ ਕਹਾਵਤ ਨਵਤੇਜ ਚੀਮਾ ਤੇ ਬਿਲਕੁਲ ਫਿੱਟ ਹੈ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਇੱਕ ਨਿੱਜੀ ਦੇ ਰਾਹੀਂ ਇਲਜਾਮ ਲਗਾਉਣ ਵਾਲੇ ਹਲਕੇ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਨਵਤੇਜ ਸਿੰਘ ਚੀਮਾ ’ਤੇ ਸਖਤ ਟਿਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਆਗੂ ਕਰਨਜੀਤ ਸਿੰਘ ਆਹਲੀ ਨੇ ਕਿਹਾ ਕਿ ‘ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ’ ਵਾਲੀ ਕਹਾਵਤ ਨਵਤੇਜ ਸਿੰਘ ਚੀਮਾ ਤੇ ਬਿਲਕੁਲ ਫਿੱਟ ਹੈ। ਇੱਥੇ ਦੱਸਣਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਇੱਕ ਨਿੱਜੀ ਦੇ ਰਾਹੀਂ ਹੜ੍ਹ ਦੀ ਮਦਦ ਲਈ ਕੀਤੇ ਐਲਾਨ ਤੋਂ ਬਾਅਦ ਇਲਜਾਮ ਲਗਾਏ ਸਨ ਕਿ ਇਹ ਪੈਸਾ ਗੁਰੂ ਦੀ ਗੋਲਕ ਦਾ ਪੈਸਾ ਹੈ, ਜਿਸਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਨਜੀਤ ਸਿੰਘ ਆਹਲੀ ਨੇ ਚੀਮਾ ਤੇ ਹਮਲਾ ਬੋਲਦਿਆਂ ਕਿਹਾ ਕਿ 550 ਸਾਲਾਂ ਸਮਾਗਮ ਦੌਰਾਨ ਗੁਰੂ ਦਾ ਪੈਸਾ ਹਜਮ ਕਰਨ ਵਾਲੇ ਅੱਜ ਲੋਕਾਂ ਦੇ ਸੇਵਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਇਲਜਾਮ ਲਗਾ ਕੇ ਆਪਣੇ ਗੁਨਾਹ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਹਲੀ ਨੇ ਸੂਬਾ ਸਰਕਾਰ ਨੂੰ ਵੀ ਆੜੇ ਹੱਥੀ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਲੋਕਾਂ ਨੂੰ ਰਾਹਤ ਦੇਣ ਵਾਸਤੇ ਤੁਰੰਤ ਕਦਮ ਚੁੱਕੇ ਤੇ ਜ਼ੋਰ ਦੇ ਕਿਹਾ ਕਿ ਬਿਆਸ, ਸਤਲੁਜ ਅਤੇ ਰਾਵੀ ਦਰਿਆਵਾਂ ਵਿਚ ਆਏ ਹੜ੍ਹਾਂ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਹਲੀ ਨੇ ਕਿਹਾ ਕਿ ਬਿਆਸ ਤੇ ਸਤਲੁਜ ਦੋਵਾਂ ਨੇ ਜਲੰਧਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾਂ ਜ਼ਿਲ੍ਹਿਆਂ ਵਿਚ ਤਬਾਹੀ ਮਚਾਈ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਅਤੇ ਆਲੇ ਦੁਆਲੇ ਦੇ 25 ਪਿੰਡ ਬਿਆਸ ਦੇ ਪਾਣੀਆਂ ਵਿਚ ਡੁੱਬ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਮੰਡ ਇਲਾਕੇ ਵਿਚ 20 ਪਿੰਡ ਹੜ੍ਹਾਂ ਦੇ ਪਾਣੀਆਂ ਵਿਚ ਡੁੱਬ ਗਏ ਹਨ । ਆਹਲੀ ਨੇ ਕਿਹਾ ਕਿ ਰਾਵੀ ਦਰਿਆ ਦੇ ਪਾਣੀਆਂ ਨੇ ਗੁਰਦਾਸਪੁਰ ਵਿਚ ਖੇਤੀਬਾੜੀ ਜ਼ਮੀਨ ਡੁਬੋ ਦਿੱਤੀ ਹੈ ਕਿਉਂਕਿ ਉਜ ਦਰਿਆ ਤੇ ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਵਿਚ ਡੁੱਬ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਵਿਚ ਘੱਗਰ ਦਰਿਆ ਨੇ ਇਲਾਕਿਆਂ ਨੂੰ ਪ੍ਰਭਾਵਤ ਕੀਤਾ ਜਦੋਂ ਕਿ ਸਰਦੂਲਗੜ੍ਹ ਸ਼ਹਿਰ ਵਿਚ ਵੀ ਹੜ੍ਹਾਂ ਦਾ ਪਾਣੀ ਵੜ ਗਿਆ ਹੈ। ਆਹਲੀ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਪੋਂਗ ਤੇ ਭਾਖੜਾ ਡੈਮਾਂ ਤੋਂ ਛੱਡੇ ਪਾਣੀ ਕਾਰਨ ਹੁਸ਼ਿਆਰਪੁਰ, ਤਲਵਾੜਾ ਤੇ ਹਾਜੀਪੁਰ ਦੇ ਇਲਾਕੇ ਪਾਣੀ ਵਿਚ ਡੁੱਬ ਗਏ ਹਨ। ਆਹਲੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਇਹਨਾਂ ਗੰਭੀਰ ਹਾਲਾਤਾਂ ਤੋਂ ਬੇਖ਼ਬਰ ਹੈ। ਉਨ੍ਹਾਂ ਨੇ ਤੁਰੰਤ ਰਾਹਤ ਦੇਣ ਵਾਸਤੇ ਕਦਮ ਚੁੱਕਣ ਦੀ ਅਪੀਲ ਕੀਤੀ। ਆਹਲੀ ਕਿਹਾ ਕਿ ਕਈ ਡੇਰਿਆਂ ਦਾ ਸੰਪਰਕ ਟੁੱਟ ਗਿਆ ਹੈ ਅਤੇ ਉਹਨਾਂ ਦੇ ਵਸਨੀਕਾਂ ਨੂੰ ਪੀਣ ਵਾਲਾ ਪਾਣੀ, ਖਾਣਾ, ਦਵਾਈਆਂ ਤੇ ਦੁਧਾਰੂ ਪਸ਼ੂਆਂ ਵਾਸਤੇ ਚਾਰਾ ਮੁਹੱਈਆ ਕਰਵਾਉਣ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਖੜ੍ਹੇ ਪਾਣੀ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਤ ਹੋ ਰਹੀ ਹੈ ਤੇ ਪਾਣੀਆਂ ਵਿਚ ਹੋਣ ਵਾਲੀਆਂ ਬਿਮਾਰੀਆਂ ਵੀ ਫੈਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਇਲਾਕਿਆਂ ਵਿਚ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਤੁਰੰਤ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ । ਆਹਲੀ ਨੇ ਇਹ ਵੀ ਅਪੀਲ ਕੀਤੀ ਕਿ ਤੁਰੰਤ ਮੁੱਢਲੀਆਂ ਗਿਰਦਾਵਰੀਆਂ ਸ਼ੁਰੂ ਕੀਤੀਆਂ ਜਾਣ ਅਤੇ ਕਿਸਾਨਾਂ ਨੂੰ ਝੋਨੇ ਤੇ ਦੁਧਾਰੂ ਪਸ਼ੂਆਂ ਤੇ ਮਕਾਨਾਂ ਦੇ ਹੋਏ ਨੁਕਸਾਨ ਲਈ ਫੌਰੀ ਆਰਜ਼ੀ ਮੁਆਵਜ਼ਾ ਜਾਰੀ ਕੀਤਾ ਜਾਵੇ।