ਫ਼ੂਡ ਸੇਫਟੀ ਵਿੰਗ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਫ਼ੂਡ ਸੇਫਟੀ ਵਿੰਗ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
Publish Date: Mon, 20 Apr 2026 07:12 PM (IST)
Updated Date: Mon, 20 Apr 2026 07:15 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕਮਲਪ੍ਰੀਤ ਕੌਰ ਬਰਾੜ ਆਈਏਐੱਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਦੇ ਆਦੇਸ਼ਾਂ ਅਨੁਸਾਰ ਤੇ ਸਿਵਲ ਸਰਜਨ ਡਾ. ਸੰਜੀਵ ਭਗਤ ਦੀ ਯੋਗ ਅਗਵਾਈ ਹੇਠ ਸਹਾਇਕ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਅਗਵਾਈ ਹੇਠ ਫੂਡ ਸੇਫਟੀ ਟੀਮ ਨੇ ਕਪੂਰਥਲਾ ਦੇ ਕਾਜਲੀ ਵਿਖੇ ਇਕ ਸਕੂਲ ਵਿਚ ਵਿਦਿਆਰਥੀਆਂ ਨੂੰ ਐਨਰਜੀ ਡਰਿੰਕ ਤੇ ਫਾਸਟ ਫੂਡ ਤੋਂ ਹੋਣ ਵਾਲੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਡਾ. ਹਰਜੋਤ ਪਾਲ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਨੂੰ ਸਕੂਲਾਂ ਨੇੜੇ ਐਨਰਜੀ ਡਰਿੰਕਸ ਵੇਚਣ ਤੇ ਪਾਬੰਦੀ ਲਗਾਈ ਹੋਈ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਫੂਡ ਸੇਫਟੀ ਵਿੰਗ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ, ਉਨ੍ਹਾਂ ਬੱਚਿਆਂ ਨੂੰ ਫਾਸਟ ਫੂਡ ਨਾ ਖਾਣ ਬਾਰੇ ਵੀ ਜਾਗਰੂਕ ਕੀਤਾ। ਇਸ ਉਪਰੰਤ ਡਾ. ਹਰਜੋਤ ਪਾਲ ਸਿੰਘ ਵੱਲੋਂ ਇਕ ਆਂਗਣਵਾੜੀ ਸੈਂਟਰ ਵਿਖੇ ਜਾ ਕੇ ਵਰਕਰਾਂ ਨੂੰ ਸਰਕਾਰ ਦੀਆਂ ਗਾਈਡਲਾਈਨਜ਼ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਮਿਲੇ ਨਿਰਦੇਸ਼ਾਂ ਅਨੁਸਾਰ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਕਿਸੇ ਵੀ ਤਰ੍ਹਾਂ ਦੇ ਡੱਬਾ ਬੰਦ ਤੇ ਪੈਕਟ ਵਾਲੀਆਂ ਖਾਣਪੀਣ ਵਾਲੀਆਂ ਵਸਤੂਆਂ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਫ਼ੂਡ ਸੇਫਟੀ ਵਿੰਗ ਕਪੂਰਥਲਾ ਦੀ ਟੀਮ ਨੇ ਬਰਫ਼ੀ, ਸਰੋਂ ਦਾ ਤੇਲ ਆਦਿ ਸਮੇਤ ਪੰਜ ਸੈਂਪਲ ਵੀ ਭਰੇ। ਇਸ ਮੌਕੇ ਐੱਫਐੱਸਓ ਅਭਿਨਵ ਵੀ ਮੌਜੂਦ ਸਨ।