ਗਾਇਕ ਗਿੱਲ ਨੇ ਪੰਜਾਬੀ ਗਾਇਕੀ ’ਚ ਦਿੱਤੀ ਦਸਤਕ
ਲੋਕ ਗਾਇਕ ਸਾਹਿਲ ਗਿੱਲ ਨੇ ਪੰਜਾਬੀ ਗਾਇਕੀ ਵਿੱਚ ਦਿੱਤੀ ਦਸਤਕ
Publish Date: Sat, 06 Sep 2025 07:52 PM (IST)
Updated Date: Sat, 06 Sep 2025 07:52 PM (IST)

ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬੀ ਲੋਕ ਗਾਇਕੀ ਦੇ ਅੰਬਰ ਵਿੱਚ ਸੈਂਕੜੇ ਤਾਰੇ ਚਮਕਦੇ ਹਨ ਪਰ ਧਰੂ ਤਾਰਾ ਬਣ ਕੇ ਉਹੀ ਚਮਕਦਾ ਹੈ, ਜਿਸ ਨੂੰ ਚੰਗੇ ਉਸਤਾਦਾਂ ਕੋਲੋਂ ਰਿਆਜ਼ ਦੀ ਗੁੜ੍ਹਤੀ ਮਿਲੀ ਹੋਵੇ। ਅਜਿਹਾ ਹੀ ਸਿਤਾਰਾ ਸਾਹਿਲ ਗਿੱਲ ਅੱਜਕਲ੍ਹ ਇੰਗਲੈਂਡ ਵਿਚ ਸਥਾਪਿਤ ਬਲਵਿੰਦਰ ਸਫ਼ਰੀ ਅਤੇ ਗੋਲਡਨ ਸਟਾਰ ਮਲਕੀਤ ਸਿੰਘ ਹੁਰਾਂ ਦੀ ਪੈੜਾਂ ਨੱਪਦਾ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਬਣਾ ਰਿਹਾ ਹੈ। ਉਨ੍ਹਾਂ ਦੇ ਪਿਤਾ ਜੋ ਥਾਣੇਦਾਰ ਦੀਆਂ ਸੇਵਾਵਾਂ ਨਿਭਾ ਰਹੇ ਹਨ , ਨੇ ਦੱਸਿਆ ਕਿ ਸਾਹਿਲ ਗਿੱਲ ਨੇ ਸਕੂਲੀ ਪੜ੍ਹਾਈ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਹੂਸੈਨਪੁਰ ਕਰਨ ਉਪਰੰਤ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਤੋਂ ਗ੍ਰੈਜੂਏ•ਸ਼ਨ ਕਰਦਿਆਂ ਹੀ ਉਚੇਰੀ ਸਿੱਖਿਆ ਲਈ ਇੰਗਲੈਂਡ ਚਲਾ ਗਿਆ। ਮਾਤਾ ਦਲਵੀਰ ਕੌਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਗੀਤ ਉਸਤਾਦ ਭੁਪਿੰਦਰ ਸਿੰਘ ਵੱਲੋਂ ਦਿੱਤੀ ਸੁਰ ਵਿਦਿਆ ਨੂੰ ਰਿਆਜ਼ ਹੀ ਬਣਾ ਲਿਆ। ਸਾਹਿਲ ਗਿੱਲ ਨੇ ਪਹਿਲਾਂ ਆਪਣੇ ਪਹਿਲੇ ਗੀਤ ਤੇਰੇ ਪਿੱਛੇ ਪਿੱਛੇ ਨਾਲ ਸੰਗੀਤ ਦੀ ਦੁਨੀਆ ਚ ਅਜਿਹਾ ਪੈਰ ਧਰਿਆ ਨੌਜਵਾਨ ਵਰਗ ਦੇ ਬੁੱਲ੍ਹਾਂ ’ਤੇ ਥਿਰਕਣ ਲੱਗ ਪਿਆ। ਹੁਣ ਨਵੇਂ ਗੀਤ ਵੈਰੀਆਂ ਦੀ ਛਾਤੀ ਕੰਬਦੀ ਗੀਤ ਨਾਲ ਸੰਗੀਤ ਦੀ ਦੁਨੀਆ ਵਿੱਚ ਆਪਣੀ ਅਵਾਜ਼ ਤੇ ਅੰਦਾਜ਼ ਨਾਲ ਵਿਲੱਖਣ ਪਛਾਣ ਬਣਾਉਣ ਲੱਗ ਪਿਆ ਹੈ। ਉਹ ਆਖਦਾ ਹੈ ਕਿ ਮੇਰੀ ਇਹੋ ਦੁਆ ਹੈ ਕਿ ਮੈਂ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦੇ ਚਿਰਾਗਾਂ ਨੂੰ ਮਘਦਾ ਰੱਖਣ ਲਈ ਆਪਣਾ ਯੋਗਦਾਨ ਨਿਰੰਤਰ ਪਾਉਂਦਾ ਰਹਾਂ।