ਅੱਧੀ ਰਾਤ ਨੂੰ ਪਿੰਡ ਨੰਗਲ ਲੁਬਾਣਾ ’ਚ ਚੱਲੀਆਂ ਗੋਲੀਆਂ
ਕੈਮਰਿਆਂ ’ਚ ਕੈਦ ਹੋਈ
Publish Date: Sun, 22 Feb 2026 10:24 PM (IST)
Updated Date: Sun, 22 Feb 2026 10:27 PM (IST)

ਕੈਮਰਿਆਂ ’ਚ ਕੈਦ ਹੋਈ ਘਟਨਾ, ਪੁਲਿਸ ਨੇ ਵਧਾਈ ਚੌਕਸੀ ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਥਾਣਾ ਬੇਗੋਵਾਲ ਦੇ ਅਧੀਨ ਪਿੰਡ ਨੰਗਲ ਲੁਬਾਣਾ ’ਚ ਅੱਧੀ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਅਣਪਛਾਤੇ ਹਮਲਾਵਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾਈਆਂ। ਘਟਨਾ ਰਾਤ ਲਗਪਗ 1.30 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਘਰ ਦੇ ਬਾਹਰ ਕਈ ਰਾਊਂਡ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ। ਫਾਇਰਿੰਗ ਦੀ ਇਹ ਘਟਨਾ ਦਵਿੰਦਰ ਸਿੰਘ ਉਰਫ ਪ੍ਰਿੰਸ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 9, ਨੰਗਲ ਲੁਬਾਣਾ ਦੇ ਘਰ ਦੇ ਬਾਹਰ ਹੋਈ। ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਲਗਪਗ ਦੋ ਹਫਤੇ ਪਹਿਲਾਂ ਹੀ ਅਮਰੀਕਾ ਤੋਂ ਆਪਣੇ ਪਿੰਡ ਆਇਆ ਸੀ। ਘਟਨਾ ਦੇ ਸਮੇਂ ਪਰਿਵਾਰ ਦੇ ਮੈਂਬਰ ਘਰ ਦੇ ਅੰਦਰ ਹੀ ਮੌਜੂਦ ਸਨ। ਗੋਲੀਆਂ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਦਹਿਸ਼ਤ ਕਾਰਨ ਘਰਾਂ ਤੋਂ ਬਾਹਰ ਨਿਕਲ ਆਏ। ਸ਼ੁਕਰ ਇਹ ਰਿਹਾ ਕਿ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਦੀਆਂ ਦੀਵਾਰਾਂ ਤੇ ਗੇਟ ’ਤੇ ਗੋਲੀਆਂ ਦੇ ਸਪਸ਼ਟ ਨਿਸ਼ਾਨ ਪਾਏ ਗਏ ਹਨ। ਅੱਖੀਂ ਵੇਖਣ ਵਾਲਿਆਂ ਅਨੁਸਾਰ ਦੋਵੇਂ ਹਮਲਾਵਰਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ। ਵਾਰਦਾਤ ਤੋਂ ਬਾਅਦ ਪੂਰੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਹੈ। ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਫੁਟੇਜ ’ਚ ਦੋ ਸ਼ੱਕੀਆਂ ਨੂੰ ਮੋਟਰਸਾਈਕਲ ’ਤੇ ਆਉਂਦੇ ਤੇ ਵਾਰਦਾਤ ਕਰਕੇ ਭੱਜਦੇ ਹੋਏ ਦੇਖਿਆ ਗਿਆ ਹੈ। ਸੂਚਨਾ ਮਿਲਨ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਘਟਨਾ ਸਥਾਨ ਦੀ ਜਾਂਚ ਕੀਤੀ। ਫਾਰੈਂਸਿਕ ਟੀਮ ਨੂੰ ਵੀ ਜਾਂਚ ਲਈ ਸੱਦਿਆ ਗਿਆ ਹੈ। ਮਾਮਲੇ ’ਚ ਭੁਲੱਥ ਦੇ ਡੀਐੱਸਪੀ ਕਰਨੈਲ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਇਹ ਮਾਮਲਾ ਗੈਂਗਸਟਰ ਗਤੀਵਿਧੀਆਂ ਜਾਂ ਰੰਗਦਾਰੀ ਨਾ ਜੁੜਿਆ ਨਹੀਂ ਪਾਇਆ ਗਿਆ ਹੈ। ਪੁਲਿਸ ਅਨੁਸਾਰ ਸ਼ਿਕਾਇਤਕਰਤਾ ਦਾ ਉਸੇ ਪਿੰਡ ਦੇ ਇਕ ਹੋਰ ਵਿਅਕਤੀ ਜੋ ਫਿਲਹਾਲ ਅਮਰੀਕਾ ’ਚ ਰਹਿ ਰਿਹਾ ਹੈ, ਨਾਲ ਕਾਰੋਬਾਰੀ ਵਿਵਾਦ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਉਕਤ ਵਿਅਕਤੀ ਵੱਲੋਂ ਸ਼ਿਕਾਇਤਕਰਤਾ ਨੂੰ ਧਮਕੀ ਭਰਿਆ ਫੋਨ ਵੀ ਆਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸੇ ਵਿਵਾਦ ਕਾਰਨ ਗੋਲੀਬਾਰੀ ਕੀਤੀ ਗਈ। ਡੀਐੱਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ।