ਅੱਗ ਲੱਗਣ ਕਰ ਕੇ 30 ਏਕੜ ਕਣਕ ਦੀ ਫਸਲ ਸੜੀ
ਪਿੰਡ ਲੰਮੇ ਵਿੱਚ ਅੱਗ ਲੱਗਣ ਕਰਕੇ 30 ਏਕੜ ਕਣਕ ਦੀ ਫਸਲ
Publish Date: Sat, 18 Apr 2026 09:04 PM (IST)
Updated Date: Sat, 18 Apr 2026 09:06 PM (IST)

15 ਏਕੜ ਨਾੜ ਤੇ ਇਕ ਟਰੈਕਟਰ ਵੀ ਸੜ ਕੇ ਹੋਇਆ ਸੁਆਹ ਪਟਾਕੇ ਚਲਾਉਣ ਕਰ ਕੇ ਵਾਪਰਿਆ ਅੱਗ ਲੱਗਣ ਦਾ ਹਾਦਸਾ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਇਥੋਂ ਥੋੜ੍ਹੀ ਦੂਰੀ ’ਤੇ ਪੈਂਦੇ ਪਿੰਡ ਲੰਮੇ ਵਿੱਚ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਕਰ ਕੇ 30 ਏਕੜ ਕਣਕ ਦੀ ਫਸਲ ਤੇ 15 ਏਕੜ ਨਾੜ ਸੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਲੰਮੇ ਦੇ ਇੱਕ ਪਰਿਵਾਰ ਦਾ ਲੜਕਾ ਅਮਰੀਕਾ ਵਿੱਚ ਪੱਕੇ ਹੋਣ ਕਰਕੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਸਮਾਗਮ ਦੌਰਾਨ ਬੱਚਿਆਂ ਵੱਲੋਂ ਪਟਾਕੇ ਚਲਾਉਣ ’ਤੇ ਪਟਾਕਿਆਂ ਦੀ ਚੰਗਿਆੜੀ ਪੱਕੀ ਕਣਕ ਦੀ ਫਸਲ ਦੇ ਖੇਤਾਂ ਵਿੱਚ ਜਾਣ ਕਰਕੇ ਫਸਲ ਨੂੰ ਅੱਗ ਲੱਗ ਗਈ ਤੇ ਅੱਗ ਖੇਤਾਂ ਵਿੱਚ ਭਾਂਬੜ ਬਣ ਕੇ ਪਿੰਡ ਦੇ ਨਾਲ ਲੱਗਦੇ ਖੇਤਾਂ ਵਿੱਚ ਕਿਸਾਨਾਂ ਦੀ ਪੱਕੀ ਫਸਲ ਨੂੰ ਸਾੜ ਕੇ ਸੁਆਹ ਕਰ ਗਈ। ਅੱਗ ਨਾਲ ਪਿੰਡ ਲੰਮੇ ਦੇ ਕਿਸਾਨ ਗੁਰਬਚਨ ਸਿੰਘ ਦੀ 13 ਏਕੜ, ਅੰਮ੍ਰਿਤਪਾਲ ਸਿੰਘ ਦੀ ਤਿੰਨ ਏਕੜ, ਫੁਮਣ ਸਿੰਘ ਦੀ ਇਕ ਏਕੜ, ਕੁਲਵੰਤ ਸਿੰਘ ਦੀ ਤਿੰਨ ਏਕੜ, ਸੁਖਵਿੰਦਰ ਸਿੰਘ ਦੀ ਦਸ ਏਕੜ, ਕਰਨੈਲ ਸਿੰਘ ਦੀ 10 ਏਕੜ ਨਾੜ, ਸੁਖਵਿੰਦਰ ਸਿੰਘ ਦੀ ਤਿੰਨ ਏਕੜ ਨਾੜ, ਜਸਵੀਰ ਸਿੰਘ ਦੀ ਦੋ ਏਕੜ ਨਾੜ ਤੇ ਕਿਸਾਨ ਜਸਵਿੰਦਰ ਸਿੰਘ ਦਾ ਨਿਊ ਹੋਲੈਂਡ ਟਰੈਕਟਰ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਸੂਚਨਾ ਮਿਲਣ ਪਿੱਛੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ ਤੇ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਗਿਆ।