ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਨੇੜੇ ਪਾਰਕ ’ਚ ਲੱਗੀ ਅੱਗ ਨੇ ਪਾਇਆ ਭੜਥੂ
ਸਿਵਿਲ ਹਸਪਤਾਲ ਦੇ ਆਕਸੀਜਨ ਪਲਾਂਟ ਨਜ਼ਦੀਕ ਪਾਰਕ ਚ ਲੱਗੀ ਅੱਗ ਨੇ ਭੜਥੂ ਪਾਇਆ
Publish Date: Fri, 24 Apr 2026 09:19 PM (IST)
Updated Date: Fri, 24 Apr 2026 09:22 PM (IST)
- ਜਨਰੇਟਰ ਦੀਆਂ ਤਾਰਾਂ ਸੜ ਕੇ ਸੁਆਹ, ਫਾਇਰ ਬ੍ਰਿਗੇਡ ਨੇ ਮਸ਼ੱਕਤ ਨਾਲ ਅੱਗ ’ਤੇ ਪਾਇਆ ਕਾਬੂ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦੁਪਹਿਰ ਸਮੇਂ ਉਦੋਂ ਹਫੜਾ-ਦਫੜੀ ਫੈਲ ਗਈ, ਜਦੋਂ ਸਿਵਲ ਹਸਪਤਾਲ ਦੇ ਬਾਹਰ ਬਣੇ ਸਵਰਗੀ ਗੁਰਮੇਲ ਸਿੰਘ ਚੀਮਾ ਪਾਰਕ ਦੇ ਨਾਲ ਬਣੇ ਆਕਸੀਜਨ ਪਲਾਂਟ ਅਤੇ ਜਨਰੇਟਰ ਦੇ ਬਿਲਕੁਲ ਨਜ਼ਦੀਕ ਅਚਾਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ ਤੇ ਸਿਵਲ ਹਸਪਤਾਲ ਵਿੱਚ ਨਜ਼ਦੀਕ ਐਮਰਜੈਂਸੀ ਵਾਰਡ ਵਿੱਚ ਦਾਖਲ ਮਰੀਜ਼ਾਂ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਅੱਗ ਇੰਨੀ ਜ਼ਬਰਦਸਤ ਸੀ ਕਿ ਜੇ ਫਾਇਰ ਬ੍ਰਿਗੇਡ ਵਾਲੇ ਸਮੇਂ ’ਤੇ ਕਾਬੂ ਨਾ ਪਾਉਂਦੇ ਤਾਂ ਉੱਥੇ ਕਿਸੇ ਵੇਲੇ ਵੱਡੇ ਹਾਦਸੇ ਦੇ ਵਾਪਰਨ ਦਾ ਖੌਫ ਪੈਦਾ ਹੋ ਗਿਆ ਸੀ। ਲਗੀ ਹੋਈ ਅੱਗ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਵਿੱਕੀ ਚੌਹਾਨ ਨੇ ਦੱਸਿਆ ਕਿ ਅੱਜ ਜਦੋਂ ਉਹ ਦੁਪਹਿਰ ਨੂੰ ਕਰੀਬ 2 ਵਜੇ ਸਿਵਲ ਹਸਪਤਾਲ ਗਏ ਤਾਂ ਵੇਖਿਆ ਕਿ ਪਲਾਂਟ ਦੇ ਨਜ਼ਦੀਕ ਅੱਗ ਲੱਗੀ ਹੋਈ ਹੈ ਜਿਹੜੀ ਕੁਝ ਹੀ ਸਮੇਂ ’ਚ ਖਤਰਨਾਕ ਰੂਪ ਧਾਰ ਕਰ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਬਾਰੇ ਉਨ੍ਹਾਂ ਤੁਰੰਤ ਸਿਵਲ ਹਸਪਤਾਲ ਵਿੱਚ ਮੌਜੂਦ ਡਿਊਟੀ ਡਾਕਟਰ ਵਿਕਾਸ ਨੂੰ ਦੱਸਿਆ। ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਫਾਇਰ ਬ੍ਰਿਗੇਡ ਕੁਝ ਹੀ ਮਿੰਟਾਂ ਵਿੱਚ ਸਿਵਲ ਹਸਪਤਾਲ ਪਹੁੰਚ ਗਈ। ਜਿਨ੍ਹਾਂ ਨੇ ਤੁਰੰਤ ਬਿਨਾਂ ਦੇਰੀ ਕੀਤੇ ਮੁਸ਼ਤੈਦੀ ਨਾਲ ਅੱਗ ’ਤੇ ਕਾਬੂ ਪਾਇਆ। ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਰਹੀ ਕਿ ਆਕਸੀਜਨ ਪਲਾਂਟ ਦੇ ਬਿਲਕੁਲ ਨਜ਼ਦੀਕ ਹੋਣ ਦੇ ਬਾਵਜੂਦ ਕਿਸੇ ਵੀ ਵੱਡੇ ਧਮਾਕੇ ਜਾਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਇਸ ਦੀ ਲਪੇਟ ਵਿੱਚ ਆਉਣ ਕਾਰਨ ਜਨਰੇਟਰ ਦੀਆਂ ਤਾਰਾਂ ਬੁਰੀ ਤਾਰਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਫਿਲਹਾਲ ਪ੍ਰਸ਼ਾਸਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅੱਗ ਲੱਗਣ ਦੇ ਅਸਲ ਕਾਰਨ ਕੀ ਹਨ।
ਜਨਤਕ ਥਾਵਾਂ ’ਤੇ ਫਾਇਰ ਸੇਫਟੀ ’ਤੇ ਉੱਠੇ ਸਵਾਲ : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਅੱਜ ਦੁਪਹਿਰ ਨੂੰ ਲੱਗੀ ਅੱਗ ਨੇ ਇੱਕ ਵਾਰ ਫਿਰ ਹਸਪਤਾਲ ਅਤੇ ਜਨਤਕ ਥਾਵਾਂ ’ਤੇ ਫਾਇਰ ਸੇਫਟੀ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖੁਸ਼ਕਿਸਮਤੀ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਤੇ ਉਮੀਦ ਹੈ ਕਿ ਪ੍ਰਸ਼ਾਸਨ ਭਵਿੱਖ ਵਿਚ ਅਜਿਹੀ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।