ਗਲੀ ’ਚ ਖੜ੍ਹੇ ਪਿਓ-ਪੁੱਤ ’ਤੇ ਹਮਲਾ, ਦੋਵੇਂ ਜ਼ਖ਼ਮੀ
ਸੰਵਾਦ ਸੂਤਰ, ਜਾਗਰਣਕਪੂਰਥਲਾ :
Publish Date: Sat, 21 Feb 2026 10:57 PM (IST)
Updated Date: Sat, 21 Feb 2026 11:00 PM (IST)
ਸੰਵਾਦ ਸੂਤਰ, ਜਾਗਰਣ ਕਪੂਰਥਲਾ : ਸ਼ਨੀਵਾਰ ਦੁਪਹਿਰ ਨੂੰ ਮੁਹੱਲਾ ਸ਼ਿਵ ਕਾਲੋਨੀ ਬੱਕਰਖਾਨਾ ’ਚ ਉਸ ਸਮੇਂ ਅਫਰਾਤਫਰੀ ਫੈਲ ਗਈ ਜਦ ਗਲੀ ’ਚ ਖੜ੍ਹੇ ਇਕ ਪਿਤਾ ਤੇ ਉਸ ਦੇ ਪੁੱਤਰ ’ਤੇ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਪਰਿਵਾਰਕ ਮੈਂਬਰ ਤੇ ਆਲੇ-ਦੁਆਲੇ ਦੇ ਲੋਕਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ’ਚ ਦਾਖਲ ਜ਼ਖ਼ਮੀਆਂ ਦੀ ਪਛਾਣ ਮੰਗਾ ਪੁੱਤਰ ਤਰਸੇਮ ਲਾਲ ਤੇ ਯਸ਼ ਪੁੱਤਰ ਮੰਗਾ ਵਾਸੀ ਸ਼ਿਵ ਕਾਲੋਨੀ ਬੱਕਰਖਾਨਾ ਕਪੂਰਥਲਾ ਦੇ ਰੂਪ ’ਚ ਹੋਈ ਹੈ। ਜ਼ਖ਼ਮੀ ਮੰਗਾ ਨੇ ਦੱਸਿਆ ਕਿ ਮੁਹੱਲੇ ਦਾ ਹੀ ਇਕ ਨੌਜਵਾਨ ਗਾਲੀ ’ਚ ਗਾਲ੍ਹਾਂ ਕੱਢ ਰਿਹਾ ਸੀ। ਜਦ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਮੰਗਾ ਨੂੰ ਬਚਾਉਣ ਆਏ ਉਸ ਦੇ ਬੇਟੇ ਯਸ਼ ਨਾਲ ਵੀ ਕੁੱਟਮਾਰ ਕੀਤੀ ਗਈ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਪਹੁੰਚੇ ਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਡਿਊਟੀ ਡਾਕਟਰ ਨੇ ਦੱਸਿਆ ਕਿ ਦੋਵਾਂ ਦਾ ਇਲਾਜ ਜਾਰੀ ਹੈ। ਘਟਨਾ ਦੀ ਜਾਣਕਾਰੀ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।