ਗੜੇਮਾਰੀ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ : ਬੱਲ
ਗੜੇਮਾਰੀ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ, ਪੱਕੀ ਕਣਕ ਹੋਈ ਬਰਬਾਦ,ਅਮਰ ਬਲ
Publish Date: Fri, 10 Apr 2026 08:23 PM (IST)
Updated Date: Fri, 10 Apr 2026 08:26 PM (IST)

ਫਗਵਾੜਾ : ਸਬ ਡਵੀਜਨ ਫਗਵਾੜਾ ਵਿੱਚ ਹਾਲ ਹੀ ਵਿੱਚ ਪਈ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਖਾਸ ਕਰ ਕੇ ਖੇਤਾਂ ਵਿੱਚ ਪੱਕੀ ਖੜੀ ਕਣਕ ਇਸ ਕੁਦਰਤੀ ਆਫ਼ਤ ਦਾ ਸਭ ਤੋਂ ਵੱਡਾ ਸ਼ਿਕਾਰ ਬਣੀ ਹੈ, ਜਿਸ ਕਾਰਨ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਪਲ ਵਿੱਚ ਮਿਟ ਗਈ। ਕਣਕ ਦੇ ਦਾਨੇ ’ਤੇ ਵੀ ਬੇਮੌਸਮੀ ਬਾਰਿਸ਼ ਅਤੇ ਗੜੇ ਮਾਰੀ ਦਾ ਪ੍ਰਭਾਵ ਹੋ ਸਕਦਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨ ਆਗੂ ਅਮਰਦੀਪ ਸਿੰਘ ਬੱਲ ਅਤੇ ਰਣਜੀਤ ਸਿੰਘ ਜੀਤੀ ਖੇੜਾ ਨੇ ਕਿਹਾ ਕਿ ਫਗਵਾੜਾ ਦੇ ਕੁਝ ਹਿੱਸਿਆਂ ਵਿਚ ਗੜਿਆਂ ਦੀ ਤੀਬਰ ਵਰਖਾ ਨਾਲ ਕਣਕ ਦੇ ਸਿਰ ਝੜ ਗਏ ਹਨ ਅਤੇ ਫਸਲ ਜ਼ਮੀਨ ਨਾਲ ਲੱਗ ਗਈ ਹੈ, ਜਿਸ ਨਾਲ ਉਪਜ ਵਿੱਚ ਵੱਡੀ ਕਮੀ ਆਉਣ ਦੀ ਸੰਭਾਵਨਾ ਹੈ। ਕਈ ਖੇਤਾਂ ਵਿੱਚ ਤਾਂ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ ਜਾਂ ਦਾਨੇ ਕਾਲੇ ਰੰਗ ਵਿਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰਣਜੀਤ ਸਿੰਘ ਜੀਤੀ ਖੇੜਾ ਅਤੇ ਅਮਰਦੀਪ ਸਿੰਘ ਬੱਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੜੇਮਾਰੀ ਕਾਰਨ ਹੋਏ ਨੁਕਸਾਨ ਦਾ ਤੁਰੰਤ ਅੰਕਲਨ ਕਰਵਾਇਆ ਜਾਵੇ ਅਤੇ ਹਰ ਏਕੜ ਪਿੱਛੇ ਘੱਟੋ-ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣੀ ਆਰਥਿਕ ਹਾਲਤ ਨੂੰ ਸੰਭਾਲ ਸਕਣ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਲੋਂ ਜਲਦੀ ਮਦਦ ਨਾ ਮਿਲੀ ਤਾਂ ਪ੍ਰਭਾਵਿਤ ਕਿਸਾਨ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਗੇ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਰਾਹਤ ਕਦਮ ਚੁੱਕੇ ਜਾਣ।