ਡੀਲਰਾਂ ਵੱਲੋਂ ਮੱਕੀ ਦੇ ਬੀਜ ਦੀ ਬਲੈਕ ਕਰਨ ’ਤੇ ਕਿਸਾਨਾਂ ’ਚ ਰੋਸ
ਡੀਏਪੀ ਖ਼ਾਦ ਨਾਲ਼ ਬੇਲੋੜਾ ਸਾਮਾਨ ਧੱਕੇ ਨਾਲ ਦੇਣ ’ਤੇ ਕਿਸਾਨਾਂ ’ਚ ਰੋਸ
Publish Date: Fri, 07 Feb 2025 09:06 PM (IST)
Updated Date: Sat, 08 Feb 2025 04:13 AM (IST)
ਡੀਲਰਾਂ ਵੱਲੋਂ ਮੱਕੀ ਦੇ ਬੀਜ ਦੀ ਬਲੈਕ ਕਰਨ ’ਤੇ ਕਿਸਾਨਾਂ ’ਚ ਰੋਸ
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ, ਫੱਤੂਢੀਗਾ : ਮੱਕੀ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਬੀਜ ਤੇ ਖਾਦ ਡੀਲਰਾਂ ਵੱਲੋਂ ਆਪਣੀਆਂ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਮੱਕੀ ਦਾ ਬੀਜ ਤਿਆਰ ਕਰਨ ਵਾਲੀਆਂ ਕੰਪਨੀਆਂ ਵੱਲੋਂ ਬੀਜ ਡੀਲਰਾਂ ਨਾਲ ਮਿਲੀਭੁਗਤ ਕਰਕੇ ਸਪਲਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਿਸਾਨਾਂ ’ਚ ਹਾਹਾਕਾਰ ਮੱਚ ਗਈ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਡੀਏਪੀ ਖ਼ਾਦ ਦੇਣ ਸਮੇਂ ਡੀਲਰਾਂ ਵੱਲੋਂ ਖ਼ਾਦ ਦੀ ਕਮੀ ਦਾ ਝੂਠ ਬੋਲ ਕੇ ਧੱਕੇ ਨਾਲ 400 ਰੁਪਏ ਦੇ ਕਰੀਬ ਬੇਲੋੜਾ ਸਾਮਾਨ ਵੇਚਿਆ ਜਾ ਰਿਹਾ ਹੈ। ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਜ਼ਿਲਾ ਪ੍ਰਧਾਨ ਸੁਖਜੀਤ ਸਿੰਘ ਬੱਗਾ ਤੇ ਮਨਦੀਪ ਸਿੰਘ ਮਿੰਟੂ ਨੇ ਦੱਸਿਆ ਕਿ ਮੱਕੀ ਦੇ ਬੀਜ ਦੀ ਜਾਣ-ਬੁੱਝ ਕੇ ਡੀਲਰਾਂ ਤੇ ਕੰਪਨੀਆਂ ਵੱਲੋਂ ਕਮੀ ਪੈਦਾ ਕੀਤੀ ਗਈ ਹੈ। ਮੱਕੀ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਕਾਫ਼ੀ ਭੱਜ ਨੱਠ ਕਰਨੀ ਪੈ ਰਹੀ ਹੈ। ਕਿਸਾਨ ਵੱਧ ਮੁੱਲ ਭਰਨ ਲਈ ਵੀ ਉਤਾਵਲੇ ਹਨ ਤੇ ਡੀਲਰਾਂ ਵੱਲੋਂ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਆਮ ਕੰਪਨੀਆਂ ਦਾ ਬੀਜ ਮਹਿੰਗੇ ਮੁੱਲ ਵਿੱਚ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਡੀਏਪੀ ਖ਼ਾਦ ਦੇ ਨਾਲ ਡੀਲਰਾਂ ਵੱਲੋਂ ਹੋਰ ਸਾਮਾਨ ਧੱਕੇ ਨਾਲ ਦਿੱਤਾ ਜਾ ਰਿਹਾ ਹੈ ਤੇ ਕਿਸਾਨ ਮਜਬੂਰੀਵੱਸ ਉਸ ਨੂੰ ਖ਼ਰੀਦ ਰਹੇ ਹਨ। ਕਿਸਾਨ ਆਗੂ ਜਥੇ. ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਪਹਿਲਾਂ ਝੋਨੇ ਦੇ ਸੀਜ਼ਨ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਅੰਨ੍ਹੇਵਾਹ ਲੁੱਟ ਕੀਤੀ ਗਈ ਸੀ ਤੇ ਹੁਣ ਖ਼ਾਦ ਅਤੇ ਬੀਜ ਡੀਲਰਾਂ ਵੱਲੋਂ ਕਿਸਾਨਾਂ ਨੂੰ ਦੋਵੇਂ ਹੱਥੀਂ ਲੁੱਟਿਆ ਜਾ ਰਿਹਾ ਹੈ। ਉੱਧਰ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਅਮਰਜੀਤ ਸਿੰਘ ਟਿੱਬਾ, ਮਾਸਟਰ ਸੁੱਚਾ ਸਿੰਘ ਮਿਰਜ਼ਾ ਪੁਰ, ਚਰਨ ਸਿੰਘ ਹੈਬਤਪੁਰ, ਮੁਕੰਦ ਸਿੰਘ, ਸਰਵਨ ਸਿੰਘ ਚੰਦੀ ਆਦਿ ਨੇ ਮੰਗ ਕੀਤੀ ਕਿ ਸਰਕਾਰ ਇਸ ਪਾਸੇ ਉਚੇਚਾ ਧਿਆਨ ਦੇਵੇ।ਡੀ ਏ ਪੀ ਖ਼ਾਦ ਦੀ ਕਾਲਾ ਬਾਜ਼ਾਰੀ ਰੋਕਣ ਲਈ ਸੁਸਾਇਟੀਆਂ ਦਾ ਕੋਟਾ ਵਧਾਇਆ ਜਾਵੇ। ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਜੇਕਰ ਕੋਈ ਵੀ ਡੀਲਰ ਮੱਕੀ ਦੇ ਬੀਜ ਦਾ ਮਿੱਥੇ ਭਾਅ ਤੋਂ ਵੱਧ ਰੇਟ ਲਾਉਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਵਿਭਾਗ ਨੂੰ ਦਿੱਤੀ ਜਾਵੇ।