ਖਾਦਾਂ ਨਾਲ ਵਾਧੂ ਸਮਾਨ ਵੇਚਣ ਖ਼ਿਲਾਫ਼ ਭੜਕੇ ਕਿਸਾਨ
ਖਾਦਾਂ ਨਾਲ ਵਾਧੂ ਸਮਾਨ ਵੇਚਣ ਅਤੇ ਆਲੂ ਸਟੋਰਾਂ ਵੱਲੋਂ ਵਧਾਏ ਕਿਰਾਏ ਖ਼ਿਲਾਫ਼ ਕਿਸਾਨਾਂ ਦਾ ਰੋਸ
Publish Date: Thu, 09 Apr 2026 09:13 PM (IST)
Updated Date: Thu, 09 Apr 2026 09:17 PM (IST)

ਆਲੂ ਸਟੋਰਾਂ ਵੱਲੋਂ ਵਧਾਏ ਕਿਰਾਏ ਵਿਰੁੱਧ ਕਾਰਵਾਈ ਦੀ ਕੀਤੀ ਮੰਗ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦੇ ਕੇ ਇਲਾਕੇ ਵਿਚ ਦੁਕਾਨਦਾਰਾਂ ਵੱਲੋਂ ਯੂਰੀਆ ਖਾਦ ਨਾਲ ਜ਼ਬਰਦਸਤੀ ਵਾਧੂ ਸਮਾਨ ਵੇਚਣ ਦੀ ਪ੍ਰਕਿਰਿਆ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਸ ਮਸਲੇ ਸਬੰਧੀ ਪਹਿਲਾਂ ਵੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਦੁਕਾਨਦਾਰ ਕਿਸਾਨਾਂ ਨੂੰ ਨੈਨੋ ਯੂਰੀਆ ਖਰੀਦਣ ਲਈ ਮਜਬੂਰ ਕਰ ਰਹੇ ਹਨ, ਜਦਕਿ ਇਹ ਅਸਰਦਾਰ ਨਹੀਂ ਮੰਨੀ ਗਈ ਤੇ ਇਸਦੇ ਸੈਂਪਲ ਵੀ ਫੇਲ ਹੋ ਚੁੱਕੇ ਹਨ। ਜੇ ਕੋਈ ਕਿਸਾਨ ਵਾਧੂ ਸਮਾਨ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸਨੂੰ ਯੂਰੀਆ ਖਾਦ ਦੇਣ ਤੋਂ ਵੀ ਮਨਾਂ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਦੋਸ਼ ਲਗਾਇਆ ਕਿ ਆਲੂ ਸਟੋਰ ਮਾਲਕਾਂ ਵੱਲੋਂ ਮਨਮਾਨੇ ਢੰਗ ਨਾਲ ਕਿਰਾਏ ਵਧਾ ਦਿੱਤੇ ਗਏ ਹਨ। ਪ੍ਰਤੀ ਬੋਰਾ ਲਗਭਗ 25 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਕਿਰਾਇਆ ਪਿਛਲੇ ਸਾਲ ਦੇ ਕਰੀਬ 100 ਰੁਪਏ ਤੋਂ ਵੱਧ ਕੇ 125 ਰੁਪਏ ਹੋ ਗਿਆ ਹੈ। ਇਹ ਵਾਧਾ ਉਸ ਸਮੇਂ ਕੀਤਾ ਗਿਆ ਹੈ ਜਦਕਿ ਆਲੂ ਦੀ ਫਸਲ ਖੇਤਾਂ ਵਿਚ ਪਈ ਹੈ ਤੇ ਵਪਾਰੀ ਢੰਗ ਦੇ ਭਾਅ ‘ਤੇ ਖਰੀਦ ਨਹੀਂ ਕਰ ਰਹੇ। ਕਿਸਾਨਾਂ ਨੇ ਦੱਸਿਆ ਕਿ ਆਲੂ ਦੀ ਫਸਲ ਦਾ ਖਰਚਾ ਲਗਭਗ 800 ਤੋਂ 900 ਰੁਪਏ ਪ੍ਰਤੀ ਕੁਇੰਟਲ ਆ ਰਿਹਾ ਹੈ, ਜਦਕਿ ਵਪਾਰੀ ਇਸਨੂੰ ਸਿਰਫ਼ 250 ਤੋਂ 300 ਰੁਪਏ ਪ੍ਰਤੀ ਕੁਇੰਟਲ ‘ਤੇ ਖਰੀਦ ਰਹੇ ਹਨ, ਜਿਸ ਕਾਰਨ ਕਿਸਾਨ ਭਾਰੀ ਆਰਥਿਕ ਘਾਟੇ ਵਿਚ ਜਾ ਰਹੇ ਹਨ ਤੇ ਬੈਂਕਾਂ ਦੇ ਕਰਜ਼ੇ ਵੀ ਉਤਰ ਨਹੀਂ ਰਹੇ। ਜਥੇਬੰਦੀਆਂ ਨੇ ਪੰਜਾਬ ਸਰਕਾਰ, ਖਰੀਦ ਏਜੰਸੀਆਂ (ਐੱਫਸੀਆਈ ਤੇ ਮਾਰਕਫੈੱਡ’ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖਾਦਾਂ ਨਾਲ ਵਾਧੂ ਸਮਾਨ ਵੇਚਣ ਦੀ ਪ੍ਰਥਾ ਨੂੰ ਤੁਰੰਤ ਰੋਕਿਆ ਜਾਵੇ ਤੇ ਆਲੂ ਸਟੋਰ ਮਾਲਕਾਂ ਵੱਲੋਂ ਵਧਾਏ ਗਏ ਕਿਰਾਏ ਦੀ ਜਾਂਚ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅੰਤ ਵਿਚ ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ ‘ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਮਨਜਿੰਦਰ ਸਿੰਘ, ਭਜਨ ਸਿੰਘ, ਪਰਗਨ ਸਿੰਘ, ਕਰਮਜੀਤ ਸਿੰਘ, ਸ਼ੀਤਲ ਸਿੰਘ, ਸੱਜਣ ਸਿੰਘ, ਹਰਦੀਪ ਸਿੰਘ, ਗੁਰਪਾਲ ਸਿੰਘ, ਕੁਲਵਿੰਦਰ ਸਿੰਘ, ਕਰਨੇਸ਼ ਸਿੰਘ, ਵਰਿੰਦਰ ਸਿੰਘ, ਜੀਤ ਸਿੰਘ, ਕਰਮਜੀਤ ਸਿੰਘ, ਗੁਰਦਿਆਲ ਸਿੰਘ, ਰਣਜੀਤ ਸਿੰਘ, ਪੂਰਨ ਸਿੰਘ, ਗੁਰਦਿਆਲ ਸਿੰਘ, ਰਾਣਾ ਸੈਦੋਵਾਲ (ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ) ਤੇ ਤਰਸੇਮ ਸਿੰਘ ਬੰਨੇਮਲ (ਜ਼ਿਲਾ ਸਕੱਤਰ, ਕਿਰਤੀ ਕਿਸਾਨ ਯੂਨੀਅਨ) ਆਦਿ ਹਾਜ਼ਰ ਸਨ।