ਕਿਸਾਨ ਅਣ ਐਲਾਨੇ ਪਾਵਰ ਕੱਟਾਂ ਦੇ ਵਿਰੁੱਧ ਸੰਘਰਸ਼ ਵਿੱਢਣ ਲਈ ਮਜਬੂਰ : ਮਹੀਵਾਲ

- ਪਵਿੱਤਰ ਸ਼ਹਿਰ ’ਚ ਵੀ 24 ਘੰਟੇ ਬਿਜਲੀ ਦੇਣ ਦੇ ਵਾਅਦੇ ਠੁੱਸ, ਲੋਕ ਪਰੇਸ਼ਾਨ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚੋਂ 24 ਘੰਟੇ ਨਿਰਵਿਘਨ ਬਿਜਲੀ ਦੇ ਕਿਸਾਨਾਂ ਨੂੰ ਫਸਲਾਂ ਲਈ ਅੱਠ ਘੰਟੇ ਬਿਜਲੀ ਦੇਣ ਦੇ ਸਾਰੇ ਦਾਅਵੇ ਪਲਕ ਝਪਕਦਿਆ ਹੀ ਹਵਾ ਵਿੱਚ ਉੱਡ ਗਏ ਹਨ ਤੇ ਬਿਜਲੀ ਸਪਲਾਈ ਦੇ ਮਾਮਲੇ ਵਿੱਚ ਸਰਕਾਰ ਫੇਲ ਸਾਬਿਤ ਹੋਈ ਹੈ। ਇਹ ਸ਼ਬਦ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਵਾਲ ਨੇ ਸਰਕਾਰ ਦੇ ਪਾਵਰਕਾਮ ਵਿਭਾਗ ਵੱਲੋਂ ਲਗਾਏ ਜਾ ਰਹੇ ਅਣ ਐਲਾਨੇ ਕੱਟਾਂ ਬਾਰੇ ਆਪਣੀ ਤਿੱਖੀ ਪ੍ਰਤੀਕਿਰਿਆ ਵਿੱਚ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਹੇ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਪਰੇਸ਼ਾਨ ਹੈ ਤੇ ਮੁੱਖ ਮੰਤਰੀ ਮਾਨ ਗੁਜਰਾਤ ਵਿੱਚ ਜੁਮਲੇ ਸੁਣਾ ਕੇ ਸਰਕਾਰ ਦੀਆਂ ਝੂਠੀਆਂ ਉਪਲਬਧੀਆਂ ਦੇ ਕਸੀਦੇ ਪੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਅਖੀਰ ਇਸ ਸਰਕਾਰ ਦਾ ਝੂਠ ਸਾਹਮਣੇ ਆ ਕੇ ਸਰਕਾਰ ਦੇ ਪਤਨ ਦਾ ਮੁੱਖ ਕਾਰਨ ਹੋਵੇਗਾ। ਕਿਸਾਨਾਂ ਨੂੰ 50 ਹਜ਼ਾਰ ਫਸਲ ਦਾ ਨੁਕਸਾਨ ਤੇ ਨਿਰਵਿਘਨ ਬਿਜਲੀ ਦੇ ਦਾਅਵੇ ਮੁੱਖ ਮੰਤਰੀ ਮਾਨ ਸਾਹਿਬ ਤੇ ਕੇਜਰੀਵਾਲ ਗੁਜਰਾਤ ਵਿੱਚ ਕਰ ਰਹੇ ਹਨ, ਜਿਨ੍ਹਾਂ ਦੇ ਬਿਆਨ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ। ਕਿਸਾਨ ਆਗੂ ਨੇ ਕਿਹਾ ਕਿ ਦਿਨ ਸਮੇਂ ਤਾਂ ਕਣਕ ਦੀ ਫਸਲ ਨੂੰ ਬਚਾਉਣ ਸਮੇਂ ਲਗਾਏ ਜਾਂਦੇ ਬਿਜਲੀ ਕੱਟ ਤਾਂ ਠੀਕ ਸਨ ਪਰ ਰਾਤ ਨੂੰ ਵੀ ਲਗਾਤਾਰ ਤਿੰਨ-ਤਿੰਨ ਘੰਟੇ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਸਾਰਾ ਦਿਨ ਖੇਤਾਂ ਵਿੱਚ ਮਿਹਨਤ ਮਜ਼ਦੂਰੀ ਕਰਨ ਵਾਲਾ ਕਿਸਾਨ ਤੇ ਮਜ਼ਦੂਰ ਰਾਤ ਸਮੇਂ ਬਿਜਲੀ ਨਾ ਹੋਣ ਕਾਰਨ ਮੱਛਰਾਂ ਕਾਰਨ ਤੜਫਦਾ ਰਾਤ ਗੁਜ਼ਾਰਦਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬਿਜਲੀ ਦੇ ਕੱਟ ਬਿਨਾਂ ਦੇਰੀ ਬੰਦ ਕੀਤੇ ਜਾਣ ਨਹੀਂ ਤਾਂ ਇੰਜ ਨਾ ਹੋਵੇ ਕਿ ਰਾਤ ਨੂੰ ਇਹ ਗਰਿੱਡਾਂ ਤੇ ਸੜਕਾਂ ਤੇ ਧਰਨੇ ਚਲਦੇ ਹੋਣ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ਤੇ ਰਾਤ ਸਮੇਂ ਕੱਟ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਣਗੇ। ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਹੁਣ ਮੋਟਰਾਂ ਨੂੰ ਦਿੱਤੀ ਜਾਣ ਵਾਲੀ ਲਾਈਟ ਵੀ ਸਿਰਫ ਤਿੰਨ ਘੰਟੇ ਦਿੱਤੀ ਜਾ ਰਹੀ ਹੈ, ਜਿਸ ਕਾਰਨ ਸਬਜ਼ੀਆਂ ਸੜ ਰਹੀਆਂ ਹਨ ਮੱਕੀ ਦੀ ਫਸਲ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਇਹ ਹਾਲਾਤ ਕਿ ਬਣੇ ਪਏ ਹਨ ਜਿਸ ਕਰ ਕੇ ਬਿਜਲੀ ਦੇ ਕੱਟ ਬਿਲਕੁਲ ਨਹੀਂ ਲਾਏ ਜਾਣ। ਜੇਕਰ ਫਿਰ ਵੀ ਰਾਤ ਸਮੇਂ ਪਾਵਰ ਕੱਟ ਲੱਗਦੇ ਤਾਂ ਇਸ ਦੇ ਵਿਰੁੱਧ ਤਿੱਖਾ ਸੰਘਰਸ਼ ਛੇੜਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ।
- ਸ਼ਹਿਰ ’ਚ ਲੱਗ ਰਹੇ ਅਣਐਲਾਨੇ ਕੱਟਾਂ ਕਾਰਨ ਸ਼ਹਿਰ ਵਾਸੀ ਪਰੇਸ਼ਾਨ
ਪਵਿੱਤਰ ਸ਼ਹਿਰ ਦਾ ਦਰਜਾ ਦੇਣ ਉਪਰੰਤ ਸ਼ਹਿਰ ਵਿੱਚ 550 ਸਾਲ ਗੁਰਪੁਰਬ ਮੌਕੇ 66 ਕੇਵੀ ਪਾਵਰ ਗਰਿੱਡ ਲਾਇਆ ਸੀ, ਜਿਸ ਦੀਆਂ ਅਤਿ ਆਧੁਨਿਕ ਅੰਡਰ ਗਰਾਊਂਡ ਕੇਬਲ ਵੀ ਪਾਈਆਂ ਸਨ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਤਰਜ ’ਤੇ ਪਵਿੱਤਰ ਸ਼ਹਿਰ ਨੂੰ 24 ਘੰਟੇ ਲਗਾਤਾਰ ਨਿਰਵਿਗਣ ਬਿਜਲੀ ਦੇਣ ਦੇ ਦਾਅਵੇ ਕੀਤੇ ਸਨ ਪਰ ਇਸ ਸਰਕਾਰ ਨੇ ਤਾਂ ਹੁਣ ਦਾਅਵੇ ਵੀ ਖਤਮ ਕਰ ਦਿੱਤੇ ਹਨ ਤੇ ਸ਼ਹਿਰ ਵਾਸੀਆਂ ਨੂੰ ਦਿਨ ਦੇ ਰਾਤ ਸਮੇਂ ਅਣਐਲਾਨੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਹਨ। ਇਸ ਸਬੰਧੀ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਬਿਜਲੀ ਦੇਣ ਦੇ ਮਾਮਲੇ ਵਿੱਚ ਹਰ ਪਾਸੇ ਫੇਲ੍ਹ ਸਾਬਿਤ ਹੋਈ ਹੈ ਤੇ ਇਸ ਦੀ ਕਰਨੀ ਤੇ ਕਥਨੀ ਵਿੱਚ ਬਹੁਤ ਫਰਕ ਹੈ।