ਮੀਂਹ ਤੇ ਹੜ੍ਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਨਾਲ ਬਰਬਾਦ
ਭਾਰੀ ਮੀਂਹ ਅਤੇ ਆਏ ਹੜਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਪਾਣੀ ਨਾਲ ਹੋਈਆਂ ਬਰਬਾਦ
Publish Date: Wed, 03 Sep 2025 10:08 PM (IST)
Updated Date: Thu, 04 Sep 2025 04:10 AM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ :
ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੋਹਲੇਧਾਰ ਮੀਂਹ ਨਾਲ ਅਤੇ ਆਏ ਹੜਾਂ ਕਾਰਨ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਕਾਫੀ ਬਰਬਾਦ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਨਸੀਰੇਵਾਲ਼ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ ਆਮ ਆਦਮੀ ਪਾਰਟੀ ਅਤੇ ਸਰਪੰਚ ਹਰਜਿੰਦਰ ਸਿੰਘ ਮਨਿਆਲਾ ਆਗੂ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਪਿੰਡ ਨਸੀਰੇਵਾਲ, ਅਹਿਮਦਪੁਰ ਛੰਨਾ ਅਤੇ ਪਿੰਡ ਮਨਿਆਲਾ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਦੇ ਪਿੰਡਾਂ ਦੀਆਂ ਝੋਨੇ ਦੀਆਂ 900 ਦੇ ਕਰੀਬ ਫਸਲਾਂ ਪਾਣੀ ਦੀ ਮਾਰ ਨਾਲ ਬਰਬਾਦ ਹੋ ਗਈਆਂ ਹਨ ਜਿਸ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਨੂੰ ਖਰਾਬ ਹੁੰਦਿਆਂ ਵੇਖ ਕੇ ਕਿਸਾਨ ਹੋਰ ਵੀ ਜ਼ਿਆਦਾ ਚਿੰਤਤ ਹੋ ਗਏ ਹਨ। ਮਨਜੀਤ ਸਿੰਘ ਨਸੀਰੇਵਾਲ ਨੇ ਦੱਸਿਆ ਕਿ ਪਾਣੀ ਕਾਲ਼ਾ ਸੰਘਿਆਂ ਵਾਲੇ ਪਾਸੇ ਤੋਂ ਹੋ ਕੇ ਪਿੰਡ ਮੋਠਾਂਵਾਲਾ ਵਿਖੇ ਦੀਆਂ ਫਸਲਾਂ ਵਿੱਚੋ ਦੀ ਹੁੰਦੇ ਹੋਏ ਪਿੰਡ ਨਸੀਰੇਵਾਲ,ਪਿੰਡ ਅਹਿਮਦ ਪੁਰ ਛੰਨਾ, ਪਿੰਡ ਮਨੀਆਲਾ ਅਤੇ ਆਸ ਪਾਸ ਦੇ ਪਿੰਡਾਂ ਦੇ ਖੇਤਾਂ ਵਿਚੋਂ ਦੀ ਹੁੰਦਾ ਹੋਇਆ ਇਹਨਾਂ ਉਪਰੋਕਤ ਪਿੰਡਾਂ ਦੀਆਂ ਸੜਕਾਂ ਤੇ ਆ ਚੁੱਕਾ ਹੈ ਤੇ ਸੜਕਾਂ ਟੁੱਟ ਗਈਆਂ ਹਨ। ਉਹਨਾ ਕਿਹਾ ਕਿ ਸੜਕਾਂ ਟੁੱਟਣ ਨਾਲ ਆਵਾਜਾਈ ਬੰਦ ਹੋਣ ਕਾਰਨ ਅਤੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਜਿਊਣ ਲਈ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਹਨਾ ਪੰਜਾਬ ਸਰਕਾਰ ਕੋਲੋ ਕਿਸਾਨਾਂ ਦੀਆਂ ਬਰਬਾਦ ਹੋਈਆਂ ਝੋਨੇ ਦੀਆਂ ਫਸਲਾਂ ਦਾ ਬਣਦਾ ਮੁਆਵਜ਼ਾ ਦੇਣ ਲਈ ਮੰਗ ਕੀਤੀ ਹੈ ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲ ਸਕੇ ।