ਪੰਜਾਬ ਨੂੰ ਬਚਾਉਣ ਲਈ ਮਾਨ ਸਰਕਾਰ ਦੀ ਵਿਦਾਈ ਜ਼ਰੂਰੀ : ਖੁਰਾਣਾ
ਪੰਜਾਬ ਨੂੰ ਬਚਾਉਣ ਲਈ ਭਗਵੰਤ ਮਾਨ ਸਰਕਾਰ ਦੀ ਵਿਦਾਈ ਜਰੂਰੀ,ਖੁਰਾਣਾ
Publish Date: Thu, 26 Mar 2026 08:58 PM (IST)
Updated Date: Thu, 26 Mar 2026 09:02 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸੂਬੇ ਦੀ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੇ ਸੂਬੇ ‘ਚ ਵਿਗੜਦੀ ਕਾਨੂੰਨ ਵਿਵਸਥਾ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਦੇ ਮਨੋਰਥ ਨਾਲ ਹਲਕਾ ਫਿਲੌਰ ਦੇ ਗੁਰਾਇਆ ਦਾਣਾ ਮੰਡੀ ਵਿਖੇ ਅੱਜ ਕੀਤੀ ਗਈ ‘ਪੰਜਾਬ ਬਚਾਓ’ ਰੈਲੀ ‘ਚ ਸ਼ਾਮਲ ਹੋਣ ਲਈ ਅਕਾਲੀ ਵਰਕਰਾਂ ਦਾ ਇਕ ਵੱਡਾ ਜਥਾ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਫਗਵਾੜਾ ਤੋਂ ਰਵਾਨਾ ਹੋਇਆ। ਇਸ ਦੌਰਾਨ ਗੱਲਬਾਤ ਕਰਦਿਆਂ ਖੁਰਾਣਾ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਦੇ ਸਮੇਂ ਵਿਚ ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ ਦੀ ਸਮੱਸਿਆ ਤੇ ਕਾਨੂੰਨ ਵਿਵਸਥਾ ਦੀ ਹਾਲਤ ਦਿਨੋਂ-ਦਿਨ ਖਰਾਬ ਹੋ ਰਹੀ ਹੈ, ਜਿਸ ਕਾਰਨ ਆਮ ਜਨਤਾ ਬਹੁਤ ਪਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ ‘ਚ ਆਈ ਸਰਕਾਰ ਹੁਣ ਆਪਣੇ ਵਾਅਦਿਆਂ ਤੋਂ ਮੁਕਰ ਗਈ ਹੈ ਤੇ ਹਰ ਵਰਗ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਸਰਕਾਰ ਦਾ ਇਕ ਭਗੋੜਾ ਮੰਤਰੀ ਪਠਾਨਮਾਜਰਾ ਬਲਾਤਕਾਰ ਦੇ ਕੇਸ ਵਿਚ ਅੰਦਰ ਹੈ ਤੇ ਦੂਸਰਾ ਲਾਲਜੀਤ ਭੁੱਲਰ ਭ੍ਰਿਸ਼ਟਾਚਾਰ ‘ਚ ਸਾਥ ਨਾ ਦੇਣ ਵਾਲੇ ਵੇਅਰ ਹਾਉਸ ਦੇ ਡੀਐੱਮ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਮਾਮਲੇ ਵਿਚ ਗਿਰਫਤਾਰ ਹੋ ਚੁੱਕਾ ਹੈ, ਜਿਸ ਨਾਲ ਇਸ ਸਰਕਾਰ ਦੀ ਅਸਲੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ “ਪੰਜਾਬ ਬਚਾਓ” ਰੈਲੀ ਰਾਹੀਂ ਲੋਕਾਂ ਦੀ ਆਵਾਜ਼ ਬੁਲੰਦ ਕਰਕੇ ਸਰਕਾਰ ਦੀਆਂ ਨਾਕਾਮੀਆਂ ਨੂੰ ਬੇਨਕਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਭਗਵੰਤ ਮਾਨ ਸਰਕਾਰ ਨੂੰ ਅਗਲੀਆਂ ਵਿਧਾਨਸਭਾ ਚੋਣਾਂ ‘ਚ ਸੱਤਾ ਤੋਂ ਲਾਂਬੇ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਅਵਤਾਰ ਸਿੰਘ ਭੁੰਗਰਨੀ, ਸਰੂਪ ਸਿੰਘ ਖਲਵਾੜਾ, ਬਹਾਦਰ ਸਿੰਘ ਸੰਗਤਪੁਰ, ਸੁਖਬੀਰ ਸਿੰਘ ਕਿੰਨੜਾ, ਗੁਰਮੀਤ ਸਿੰਘ ਬਡਵਾਲ, ਬਲਜਿੰਦਰ ਸਿੰਘ ਠੇਕੇਦਾਰ, ਗੁਰਮੁਖ ਸਿੰਘ ਚਾਨਾ, ਝਿਰਮਲ ਸਿੰਘ ਭਿੰਡਰ, ਰਣਜੀਤ ਸਿੰਘ ਸੰਧਲ, ਪਰਮਿੰਦਰ ਸਿੰਘ ਜੰਡੂ, ਸਰਬਜੀਤ ਸਿੰਘ ਕਾਕਾ, ਜਸਵਿੰਦਰ ਸਿੰਘ ਭਗਤਪੁਰਾ, ਬਲਵੀਰ ਸਿੰਘ ਖਲਵਾੜਾ, ਸੁਖਦੀਪ ਸਿੰਘ ਵਾਲੀਆ ਤੇ ਅਕਾਸ਼ਦੀਪ ਸਿੰਘ ਪਾਹਵਾ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।