ਅੱਖਾਂ ਦਾ ਦਾਨ ਸਭ ਤੋਂ ਵੱਡਾ ਦਾਨ : ਕੁਲਦੀਪ ਸਿੰਘ
ਦੇ ਜੀਵਨ ਵਿੱਚ ਰੌਸ਼ਨੀ ਲਿਆ ਸਕਦਾ ਹੈ : ਕੁਲਦੀਪ ਸਿੰਘ
Publish Date: Tue, 12 May 2026 08:16 PM (IST)
Updated Date: Tue, 12 May 2026 08:18 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਖਾਂ ਦਾ ਦਾਨ ਸਭ ਤੋਂ ਵੱਡਾ ਦਾਨ ਹੈ, ਜਿਸ ਰਾਹੀਂ ਅਸੀਂ ਮੌਤ ਤੋਂ ਬਾਅਦ ਕਿਸੇ ਦੇ ਜੀਵਨ ਵਿਚ ਰੌਸ਼ਨੀ ਲਿਆ ਸਕਦੇ ਹਾਂ। ਇਹ ਗੱਲ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਕਹੀ ਤੇ ਲੋਕਾਂ ਨੂੰ ਆਪਣੀਆਂ ਅੱਖਾਂ ਦਾਨ ਕਰਨ ਦੀ ਅਪੀਲ ਕੀਤੀ। ਕੁਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਅੱਖਾਂ ਦੀ ਮਹੱਤਤਾ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਅਸੀਂ ਕਿਸੇ ਨੇਤਰਹੀਣ ਵਿਅਕਤੀ ਨੂੰ ਦੇਖਦੇ ਹਾਂ। ਇਕ ਨੇਤਰਹੀਣ ਵਿਅਕਤੀ ਨੂੰ ਹਰ ਕਦਮ ’ਤੇ ਕਿਸੇ ਦੇ ਸਹਾਰੇ ਦੀ ਲੋੜ ਹੁੰਦੀ ਹੈ ਤੇ ਉਨ੍ਹਾਂ ਦਾ ਰੋਜ਼ਾਨਾ ਜੀਵਨ ਮੁਸ਼ਕਲਾਂ ਨਾਲ ਭਰਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆ ਬਹੁਤ ਸੁੰਦਰ ਹੈ ਤੇ ਇਸਨੂੰ ਦੇਖਣ ਲਈ ਇਕ ਵੱਖਰੇ ਦ੍ਰਿਸ਼ਟੀਕੋਣ ਦੀ ਲੋੜ ਹੁੰਦੀ ਹੈ। ਅੱਖਾਂ ਤੋਂ ਬਿਨਾਂ ਆਲੇ-ਦੁਆਲੇ ਦੀ ਹਰ ਚੀਜ਼ ਹਨੇਰੀ ਦਿਖਾਈ ਦੇਵੇਗੀ। ਕੁਲਦੀਪ ਸਿੰਘ ਨੇ ਕਿਹਾ ਕਿ ਵਿਸ਼ਵ ਅੱਖਾਂ ਦਾਨ ਦਿਵਸ ਮਨਾਉਣ ਦਾ ਮੁੱਖ ਟੀਚਾ ਲੋਕਾਂ ਵਿਚ ਅੱਖਾਂ ਦਾਨ ਬਾਰੇ ਜਾਗਰੂਕਤਾ ਫੈਲਾਉਣਾ ਤੇ ਉਨ੍ਹਾਂ ਨੂੰ ਆਪਣੀਆਂ ਅੱਖਾਂ ਦਾਨ ਕਰਨ ਲਈ ਉਤਸ਼ਾਹਿਤ ਕਰਨਾ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਅੱਖਾਂ ਹਰ ਮਨੁੱਖ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਅੱਖਾਂ ਨਾ ਸਿਰਫ਼ ਸਾਨੂੰ ਰੌਸ਼ਨੀ ਦੇ ਸਕਦੀਆਂ ਹਨ ਸਗੋਂ ਸਾਡੀ ਮੌਤ ਤੋਂ ਬਾਅਦ ਕਿਸੇ ਹੋਰ ਦੀ ਜ਼ਿੰਦਗੀ ਨੂੰ ਵੀ ਰੌਸ਼ਨ ਕਰ ਸਕਦੀਆਂ ਹਨ। ਅੱਖਾਂ ਦਾਨ ਉਨ੍ਹਾਂ ਨੂੰ ਇਕ ਨਵਾਂ ਜੀਵਨ ਦੇ ਸਕਦਾ ਹੈ। ਉਨ੍ਹਾਂ ਸਾਰਿਆਂ ਨੂੰ ਇਸ ਗੱਲ ਨੂੰ ਸਮਝਣ ਤੇ ਆਪਣੀਆਂ ਅੱਖਾਂ ਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੇਤਰਹੀਣ ਵਿਅਕਤੀ ਸਮਾਜ ਦਾ ਇਕ ਮਹੱਤਵਪੂਰਨ ਹਿੱਸਾ ਹਨ ਤੇ ਉਨ੍ਹਾਂ ਦਾ ਸਤਿਕਾਰ ਕਰਨ ਦੀ ਲੋੜ ਹੈ।