ਨਗਰ ਨਿਗਮ ਕਪੂਰਥਲਾ ‘ਚ ਸਭ ਤੋਂ ਵੱਧ 305 ਨਾਮਜ਼ਦਗੀਆਂ ਭਰੀਆਂ
ਆਖਰੀ ਦਿਨ ਨਾਮਜ਼ਦਗੀਆਂ ਦਾ ਧਮਾਕਾ: ਨਗਰ ਨਿਗਮ ਕਪੂਰਥਲਾ ‘ਚ ਉਮੀਦਵਾਰਾਂ ਦੀ ਲੱਗੀ ਲੰਮੀ ਕਤਾਰ
Publish Date: Sat, 16 May 2026 09:05 PM (IST)
Updated Date: Sat, 16 May 2026 09:06 PM (IST)

ਚਾਰ ਦਿਨ ਸੁਸਤ ਰਹੀ ਚੋਣੀ ਪ੍ਰਕਿਰਿਆ ਨੇ ਅੰਤਿਮ ਦਿਨ ਫੜੀ ਰਫ਼ਤਾਰ, ਉਮੀਦਵਾਰਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਵਿਚ ਹੋ ਰਹੀਆਂ ਸ਼ਹਿਰੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਉਮੀਦਵਾਰਾਂ ਨੇ ਜ਼ਬਰਦਸਤ ਦੌੜ ਲਗਾਈ। ਪਿਛਲੇ ਤਿੰਨ ਦਿਨਾਂ ਤੱਕ ਸੁਸਤ ਚੱਲ ਰਹੀ ਚੋਣ ਤਸਵੀਰ ਅਚਾਨਕ ਬਦਲ ਗਈ ਤੇ ਨਗਰ ਨਿਗਮ ਕਪੂਰਥਲਾ ਸਮੇਤ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿਚ ਨਾਮਜ਼ਦਗੀਆਂ ਦੀ ਬੰਪਰ ਵਰਖਾ ਹੋਈ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਨਗਰ ਨਿਗਮ ਕਪੂਰਥਲਾ ਵਿਚ ਆਖਰੀ ਦਿਨ ਹੀ 232 ਨਾਮਜ਼ਦਗੀਆਂ ਦਾਖਲ ਹੋਈਆਂ, ਜਦਕਿ ਪੂਰੇ ਚਾਰ ਦਿਨਾਂ ਦੌਰਾਨ ਕੁੱਲ 305 ਉਮੀਦਵਾਰ ਮੈਦਾਨ ਵਿਚ ਉਤਰ ਆਏ। ਇਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ ਨਗਰ ਨਿਗਮ ਚੋਣਾਂ ਵਿਚ ਮੁਕਾਬਲਾ ਕਾਫੀ ਦਿਲਚਸਪ ਤੇ ਤਿਕੋਣਾ ਹੋਣ ਵਾਲਾ ਹੈ। ਚੋਣ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਲਈ ਪਹਿਲੇ ਦਿਨ ਕੋਈ ਵੀ ਨਾਮਜ਼ਦਗੀ ਨਹੀਂ ਹੋਈ ਸੀ। ਦੂਜੇ ਦਿਨ ਕੇਵਲ ਇਕ, ਤੀਜੇ ਦਿਨ 72 ਤੇ ਆਖਰੀ ਦਿਨ 232 ਨਾਮਜ਼ਦਗੀਆਂ ਦਾਖਲ ਹੋਈਆਂ। ਇਸ ਤਰ੍ਹਾਂ ਕੁੱਲ ਗਿਣਤੀ 305 ‘ਤੇ ਜਾ ਪਹੁੰਚੀ। ਇਸੇ ਤਰ੍ਹਾਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਲਈ ਕੁੱਲ 82 ਨਾਮਜ਼ਦਗੀਆਂ ਦਾਖਲ ਹੋਈਆਂ, ਜਿਨ੍ਹਾਂ ਵਿਚੋਂ 28 ਆਖਰੀ ਦਿਨ ਭਰੀਆਂ ਗਈਆਂ। ਦੋਹਾਂ ਸਥਾਨਕ ਸਰਕਾਰਾਂ ਨੂੰ ਮਿਲਾ ਕੇ ਕੁੱਲ 387 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ । --ਆਖਰੀ ਦਿਨ ਦਫ਼ਤਰਾਂ ਬਾਹਰ ਮੇਲੇ ਵਰਗਾ ਮਾਹੌਲ ਨਾਮਜ਼ਦਗੀ ਦੇ ਆਖਰੀ ਦਿਨ ਡੀਸੀ ਦਫ਼ਤਰ ਤੇ ਚੋਣ ਸ਼ਾਖਾ ਦੇ ਬਾਹਰ ਸਵੇਰ ਤੋਂ ਹੀ ਉਮੀਦਵਾਰਾਂ, ਸਮਰਥਕਾਂ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਕਈ ਥਾਵਾਂ ‘ਤੇ ਢੋਲ-ਨਗਾੜਿਆਂ ਤੇ ਫੁੱਲਾਂ ਦੀ ਵਰਖਾ ਨਾਲ ਉਮੀਦਵਾਰਾਂ ਦਾ ਸਵਾਗਤ ਕੀਤਾ ਗਿਆ। ਖ਼ਾਸ ਤੌਰ ‘ਤੇ ਨਗਰ ਨਿਗਮ ਕਪੂਰਥਲਾ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਆਖਰੀ ਪਲ ਤੱਕ ਉਮੀਦਵਾਰਾਂ ਦੇ ਨਾਮ ਫਾਈਨਲ ਕੀਤੇ ਜਾਂਦੇ ਰਹੇ। ਕਈ ਵਾਰਡਾਂ ਵਿਚ ਟਿਕਟਾਂ ਦੇ ਐਲਾਨ ਦੇਰੀ ਨਾਲ ਹੋਣ ਕਾਰਨ ਉਮੀਦਵਾਰ ਆਖਰੀ ਘੰਟਿਆਂ ਵਿਚ ਨਾਮਜ਼ਦਗੀ ਦਾਖਲ ਕਰਨ ਪਹੁੰਚੇ। --ਬਾਗੀਆਂ ਨੇ ਵਧਾਈ ਵੱਡੇ ਦਲਾਂ ਦੀ ਟੈਨਸ਼ਨ ਚੋਣ ਮੈਦਾਨ ਵਿਚ ਇਸ ਵਾਰ ਬਾਗੀ ਉਮੀਦਵਾਰ ਵੀ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ। ਕਈ ਵਾਰਡਾਂ ਵਿਚ ਟਿਕਟ ਨਾ ਮਿਲਣ ਕਾਰਨ ਨਾਰਾਜ਼ ਆਗੂਆਂ ਨੇ ਅਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ ਹਨ, ਜਿਸ ਨਾਲ ਵੱਡੀਆਂ ਪਾਰਟੀਆਂ ਦੀ ਚਿੰਤਾ ਵਧ ਗਈ ਹੈ। ਰਾਜਨੀਤਿਕ ਮਾਹਿਰਾਂ ਅਨੁਸਾਰ ਬਾਗੀ ਉਮੀਦਵਾਰ ਕਈ ਵਾਰਡਾਂ ਵਿਚ ਜਿੱਤ-ਹਾਰ ਦਾ ਸਮੀਕਰਨ ਬਦਲ ਸਕਦੇ ਹਨ। --ਡਿਜੀਟਲ ਪ੍ਰਚਾਰ ਨੇ ਵੀ ਫੜਿਆ ਜ਼ੋਰ ਇਸ ਵਾਰ ਦੀਆਂ ਨਗਰ ਨਿਗਮ ਚੋਣਾਂ ਵਿਚ ਡਿਜੀਟਲ ਪ੍ਰਚਾਰ ਵੀ ਖੂਬ ਚਰਚਾ ਵਿਚ ਹੈ। ਕਈ ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੋਟਿੰਗ ਪੈਟਰਨ ਨੂੰ ਪ੍ਰਭਾਵਿਤ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਫੇਸਬੁੱਕ ਲਾਈਵ, ਵਟਸਐਪ ਗਰੁੱਪਾਂ ਤੇ ਛੋਟੀਆਂ ਵੀਡੀਓਜ਼ ਰਾਹੀਂ ਉਮੀਦਵਾਰ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਵਿਚ ਜੁਟੇ ਹੋਏ ਹਨ। --ਹੁਣ ਸਕਰੂਟਨੀ ਤੇ ਵਾਪਸੀ ‘ਤੇ ਟਿਕੀਆਂ ਨਜ਼ਰਾਂ ਨਾਮਜ਼ਦਗੀਆਂ ਦਾਖਲ ਹੋਣ ਤੋਂ ਬਾਅਦ ਹੁਣ ਸਭ ਦੀ ਨਜ਼ਰ ਸਕਰੂਟਨੀ ਤੇ ਨਾਮ ਵਾਪਸੀ ਦੀ ਪ੍ਰਕਿਰਿਆ ‘ਤੇ ਟਿਕੀ ਹੋਈ ਹੈ। ਕਈ ਵਾਰਡਾਂ ਵਿਚ ਇਕੋ ਪਰਿਵਾਰ ਜਾਂ ਇਕੋ ਧੜੇ ਦੇ ਕਈ ਉਮੀਦਵਾਰ ਮੈਦਾਨ ਵਿਚ ਹੋਣ ਕਾਰਨ ਆਖਰੀ ਦਿਨਾਂ ਵਿਚ ਸਿਆਸੀ ਸੈਟਿੰਗਾਂ ਤੇ ਸਮਝੌਤਿਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਚੋਣ ਮਾਹੌਲ ਦੇ ਮੱਦੇਨਜ਼ਰ ਕਪੂਰਥਲਾ ਸ਼ਹਿਰ ਵਿਚ ਹੁਣ ਹਰ ਗਲੀ, ਹਰ ਵਾਰਡ ਤੇ ਹਰ ਚੌਰਾਹੇ ‘ਤੇ ਚੋਣਾਂ ਦੀ ਗਰਮੀ ਸਾਫ਼ ਮਹਿਸੂਸ ਕੀਤੀ ਜਾ ਰਹੀ ਹੈ। ਨਗਰ ਨਿਗਮ ਕਪੂਰਥਲਾ ਦੀ ਇਸ ਵਾਰ ਦੀ ਚੋਣ ਨਾ ਸਿਰਫ਼ ਸਥਾਨਕ ਵਿਕਾਸ ਦੇ ਮੁੱਦਿਆਂ ‘ਤੇ ਕੇਂਦ੍ਰਿਤ ਹੋਵੇਗੀ, ਸਗੋਂ ਇਹ ਕਈ ਵੱਡੇ ਸਿਆਸੀ ਆਗੂਆਂ ਦੀ ਸਾਖ ਦੀ ਲੜਾਈ ਵੀ ਬਣਦੀ ਜਾ ਰਹੀ ਹੈ।