ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ: ਟਰੈਫਿਕ ਇੰਚਾਰਜ
ਟਰੈਫਿਕ ਵਿਵਸਥਾ ਨੂੰ ਸੁਚਾਰੁ ਢੰਗ ਨਾਲ ਚਲਾਉਂਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ : ਟਰੈਫਿਕ ਇੰਚਾਰਜ ਰੇਸ਼ਮ ਸਿੰਘ
Publish Date: Tue, 24 Feb 2026 09:20 PM (IST)
Updated Date: Tue, 24 Feb 2026 09:22 PM (IST)

ਕੈਪਸ਼ਨ: 24ਕੇਪੀਟੀ44 ਨਵ ਨਿਯੁਕਤ ਟਰੈਫਿਕ ਇੰਚਾਰਜ ਰੇਸ਼ਮ ਸਿੰਘ ਗੱਲਬਾਤ ਕਰਦੇ ਹੋਏ। ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਸ਼ਹਿਰ ਵਿਚ ਵਿਗੜੀ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਂਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਲੋਕਾਂ ਨੂੰ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ। ਉਥੇ ਹੀ ਟਰੈਫਿਕ ਨਿਯਮਾਂ ਦੀ ਉਲੰਘਨਾ ਕਰਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸਦੇ ਇਲਾਵਾ ਨੋ-ਪਾਰਕਿੰਗ ਜ਼ੋਨ ਵਿਚ ਵਾਹਨ ਖੜ੍ਹੇ ਕਰ ਕੇ ਕਈ-ਕਈ ਘੰਟੇ ਬਾਜ਼ਾਰਾਂ ਵਿਚ ਸ਼ਾਪਿੰਗ ਕਰਨ ਵਾਲੇ ਵਾਹਨ ਚਾਲਕਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਹ ਗੱਲ ਕਪੂਰਥਲਾ ਦੇ ਨਵ-ਨਿਯੁਕਤ ਟਰੈਫਿਕ ਇੰਚਾਰਜ ਰੇਸ਼ਮ ਸਿੰਘ ਨੇ ਮੰਗਲਵਾਰ ਨੂੰ ਕਪੂਰਥਲਾ-ਜਲੰਧਰ ਰੋਡ ’ਤੇ ਅਰਬਨ ਅਸਟੇਟ ਤੇ ਬਾਬਾ ਝੋਟੇ ਸ਼ਾਹ ਚੌਂਕ ’ਤੇ ਲਗਾਏ ਬੈਰੀਕੇਡਸ ’ਤੇ ਚਮਕਦਾਰ ਰਿਫਲੈਕਟਰ ਲਗਾਉਂਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ ਉੱਤੇ ਐੱਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਗਿੱਲ ਤੇ ਡੀਐੱਸਪੀ ਟਰੈਫਿਕ ਉਪਕਾਰ ਸਿੰਘ ਦੀ ਅਗਵਾਈ ਵਿਚ ਮੰਗਲਵਾਰ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਬੈਰੀਕੇਡਸ ਲਗਾਏ ਗਏ ਤੇ ਉਨ੍ਹਾਂ ਵਿਚ ਚਮਕਦਾਰ ਟੇਪ ਤੇ ਰਿਫਲੈਕਟਰ ਵੀ ਚਿਪਕਾਏ ਗਏ, ਤਾਂ ਕਿ ਰਾਤ ਦੇ ਸਮੇਂ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਬੈਰੀਕੇਡਸ ਉੱਤੇ ਲਗਾਈ ਚਮਕਦਾਰ ਟੇਪ ਤੇ ਰਿਫਲੈਕਟਰ ਵਿਖਾਈ ਦੇ ਸਕਣ। ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਨਿਵਾਸੀਆਂ ਨੇ ਦੱਸਿਆ ਸੀ ਕਿ ਅਰਬਨ ਅਸਟੇਟ ਟੀ-ਪੁਆਇੰਟ ਉੱਤੇ ਸੜਕ ਦੇ ਆਲੇ-ਦੁਆਲੇ ਬੈਰੀਕੇਡਸ ਨਾ ਲੱਗੇ ਹੋਣ ਕਾਰਨ ਆਏ ਦਿਨ ਸੜਕ ਹਾਦਸੇ ਹੋ ਰਹੇ ਹਨ, ਜਿਸ ਕਾਰਨ ਲੋਕ ਜ਼ਖ਼ਮੀ ਹੋ ਰਹੇ ਹਨ। ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਮੰਗਲਵਾਰ ਨੂੰ ਅਰਬਨ ਅਸਟੇਟ ਟੀ-ਪੁਆਇੰਟਸ ਉੱਤੇ ਬੈਰੀਕੇਡਸ ਲਗਾ ਕੇ ਉਨ੍ਹਾਂ ਉੱਤੇ ਚਮਕਦਾਰ ਟੇਪ ਤੇ ਰਿਫਲੈਕਟਰ ਲਗਾਏ ਗਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਨਾ ਕਰਨ, ਨੋ ਪਾਰਕਿੰਗ ਵਿਚ ਵਾਹਨ ਖੜ੍ਹੇ ਨਾ ਕਰਨ, ਭੀੜ-ਭਾੜ ਵਾਲੇ ਬਾਜ਼ਾਰਾਂ ਵਿਚ ਕਾਰਾਂ, ਈ-ਰਿਕਸ਼ਾ, ਆਟੋ ਰਿਕਸ਼ਾ ਤੇ ਹੋਰ ਹੈਵੀ ਵਾਹਨ ਨਾ ਲੈ ਕੇ ਜਾਣ। ਇਸ ਮੌਕੇ ਏਐੱਸਆਈ ਦਿਲਬਾਗ ਸਿੰਘ ਟਾਂਡੀ, ਏਐੱਸਆਈ ਸੁਰਜੀਤ ਸਿੰਘ, ਏਐੱਸਆਈ ਪ੍ਰੀਤਮ ਸਿੰਘ, ਏਐੱਸਆਈ ਬਲਵਿੰਦਰ ਸਿੰਘ ਨਰਕਟ ਦੇ ਇਲਾਵਾ ਹੋਰ ਮੁਲਾਜ਼ਮ ਮੌਜੂਦ ਸਨ।