ਆਰਸੀਐੱਫ ਪ੍ਰਸ਼ਾਸਨ ਵਿਰੁੱਧ ਇੰਪਲਾਈਜ਼ ਯੂਨੀਅਨ ਨੇ ਖੋਲ੍ਹਿਆ ਮੋਰਚਾ
ਆਰਸੀਐਫ ਪ੍ਰਸ਼ਾਸਨ ਦੀ ਮਾੜੀ ਮੈਨੇਜਮੈਂਟ ਅਤੇ ਗਲਤ ਨੀਤੀਆਂ ਖਿਲਾਫ ਇੰਪਲਾਈਜ਼ ਯੂਨੀਅਨ ਨੇ ਖੋਲ੍ਹਿਆ ਮੋਰਚਾ
Publish Date: Tue, 05 May 2026 09:14 PM (IST)
Updated Date: Tue, 05 May 2026 09:14 PM (IST)

ਪ੍ਰਸ਼ਾਸਨਿਕ ਨਾਕਾਮੀਆਂ ਕਾਰਨ ਮੁਲਾਜ਼ਮਾਂ ਦੇ ਇੰਸੈਂਟਿਵ ਤੇ ਮੰਡਰਾਇਆ ਖਤਰਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਰਸੀਐੱਫ ਇੰਪਲਾਈਜ਼ ਯੂਨੀਅਨ ਦੀ ਫਰਨਿਸ਼ਿੰਗ ਡਿਵੀਜ਼ਨ ਵੱਲੋਂ ਅੱਜ ਫਰਨਿਸ਼ਿੰਗ ਸ਼ਾਪ ਦੇ ਮੁਲਾਜ਼ਮਾਂ ਨੂੰ ਲਾਮਬੰਦ ਕਰਦਿਆਂ ਪ੍ਰਸ਼ਾਸਨ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੇ ਮਾੜੇ ਪ੍ਰਬੰਧਾਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਰਸੀਐੱਫ ਪ੍ਰਸ਼ਾਸਨ ਦੀ ਮਾੜੀ ਪਲਾਨਿੰਗ ਤੇ ਸਾਧਨਾਂ ਦੀ ਭਾਰੀ ਕਮੀ ਕਾਰਨ ਅੱਜ ਕੋਚ ਉਤਪਾਦਨ ਦੀ ਹਾਲਤ ਬਹੁਤ ਚਿੰਤਾਜਨਕ ਹੋ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਪ੍ਰਸ਼ਾਸਨਿਕ ਨਾਕਾਮੀਆਂ ਦਾ ਖਮਿਆਜ਼ਾ ਸਿੱਧੇ ਤੌਰ ਤੇ ਉਨ੍ਹਾਂ ਮਿਹਨਤਕਸ਼ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ ਜੋ ਦਿਨ-ਰਾਤ ਮਿਹਨਤ ਕਰਕੇ ਉਤਪਾਦਨ ਨੂੰ ਗਤੀ ਦਿੰਦੇ ਹਨ। ਸਮਾਨ ਦੀ ਘਾਟ ਤੇ ਗਲਤ ਨਿਯੋਜਨ ਕਾਰਨ ਮੁਲਾਜ਼ਮਾਂ ਨੂੰ ਨਾ ਸਿਰਫ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਬਲਕਿ ਉਨ੍ਹਾਂ ਦੇ ਇੰਸੈਂਟਿਵ ਵਿਚ ਕਟੌਤੀ ਕਰਨ ਦੀ ਸਾਜ਼ਿਸ਼ ਵੀ ਰਚੀ ਜਾ ਰਹੀ ਹੈ, ਜਿਸ ਨੂੰ ਯੂਨੀਅਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਅੱਜ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਭਰਤ ਰਾਜ ਨੇ ਕਿਹਾ ਕਿ ਆਰਸੀਐੱਫ ਦੀ ਗਲਤ ਪਲਾਨਿੰਗ ਕਾਰਨ ਨਾ ਸਿਰਫ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ ਬਲਕਿ ਸੁਪਰਵਾਈਜ਼ਰਾਂ ਤੇ ਹੇਠਲੇ ਪੱਧਰ ਦੇ ਅਧਿਕਾਰੀਆਂ ਤੇ ਵੀ ਭਾਰੀ ਮਾਨਸਿਕ ਦਬਾਅ ਵੱਧ ਰਿਹਾ ਹੈ, ਜੋ ਕਿ ਕਿਸੇ ਵੀ ਗੰਭੀਰ ਨਤੀਜੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸਿੱਧੀ ਚਿਤਾਵਨੀ ਦਿੱਤੀ ਕਿ ਜੇਕਰ ਅਪ੍ਰੈਲ ਮਹੀਨੇ ਦੇ ਇੰਸੈਂਟਿਵ ਵਿਚ ਕਿਸੇ ਵੀ ਤਰ੍ਹਾਂ ਦੀ ਗਿਰਾਵਟ ਆਈ ਜਾਂ ਮੁਲਾਜ਼ਮਾਂ ਦੇ ਵਾਧੂ ਕੰਮ ਦਾ ਬਣਦਾ ਭੁਗਤਾਨ ਨਾ ਕੀਤਾ ਗਿਆ ਤਾਂ ਯੂਨੀਅਨ ਅਧਿਕਾਰੀਆਂ ਦਾ ਘੇਰਾਓ ਕਰਨ ਲਈ ਮਜਬੂਰ ਹੋਵੇਗੀ। ਭਰਤ ਰਾਜ ਨੇ ਜ਼ੋਰ ਦੇ ਕੇ ਕਿਹਾ ਕਿ ਮੁਲਾਜ਼ਮਾਂ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਨੂੰ ਆਪਣੇ ਪ੍ਰਬੰਧਕੀ ਢਾਂਚੇ ਵਿਚ ਤੁਰੰਤ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਕਾਮਿਆਂ ਦੇ ਮਨੋਬਲ ਤੇ ਕੋਈ ਮਾੜਾ ਅਸਰ ਨਾ ਪਵੇ। ਪ੍ਰੈੱਸ ਸਕੱਤਰ ਅਰਵਿੰਦ ਕੁਮਾਰ ਨੇ ਆਪਣੇ ਬਿਆਨ ਰਾਹੀਂ ਆਰਸੀਐੱਫ ਪ੍ਰਸ਼ਾਸਨ ਨੂੰ ਅੰਤਿਮ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀ ਮੈਨੇਜਮੈਂਟ ਵਿਵਸਥਾ ਵਿਚ ਸੁਧਾਰ ਕਰੇ ਤੇ ਉਤਪਾਦਨ ਪ੍ਰਕਿਰਿਆ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਕੇ ਇਸੇ ਮਹੀਨੇ ਮੁਲਾਜ਼ਮਾਂ ਦਾ ਬਣਦਾ ਹੱਕ ਤੇ ਇੰਸੈਂਟਿਵ ਜਾਰੀ ਕਰੇ। ਜਥੇਬੰਦਕ ਸਕੱਤਰ ਨੇ ਦੋ-ਟੁੱਕ ਸ਼ਬਦਾਂ ਵਿਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਆਪਣੀ ਅੜੀਅਲ ਪਹੁੰਚ ਤੇ ਗਲਤ ਨੀਤੀਆਂ ਨੂੰ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਆਰਸੀਐੱਫ ਇੰਪਲਾਈਜ਼ ਯੂਨੀਅਨ ਇਕ ਵੱਡੇ ਤੇ ਫੈਸਲਾਕੁੰਨ ਸੰਘਰਸ਼ ਦਾ ਬਿਗੁਲ ਵਜਾਏਗੀ। ਇਸ ਅੰਦੋਲਨ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਸਥਿਤੀ ਜਾਂ ਉਤਪਾਦਨ ਵਿਚ ਪੈਣ ਵਾਲੇ ਵਿਘਨ ਦੀ ਪੂਰੀ ਜ਼ਿੰਮੇਵਾਰੀ ਆਰਸੀਐੱਫ ਪ੍ਰਸ਼ਾਸਨ ਦੀ ਹੋਵੇਗੀ। ਅੰਤ ਵਿਚ ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਏਕਤਾ ਵਿਚ ਹੀ ਸ਼ਕਤੀ ਹੈ ਤੇ ਅਸੀਂ ਆਪਣੇ ਹੱਕਾਂ ਦੀ ਲੜਾਈ ਅਖੀਰ ਤੱਕ ਲੜਾਂਗੇ।