ਮੁਲਾਜ਼ਮ ਹੜਤਾਲ ’ਤੇ, ਸੇਵਾ ਕੇਂਦਰ ਦੂਸਰੇ ਦਿਨ ਵੀ ਰਹੇ ਬੰਦ
ਮੁਲਾਜ਼ਮਾਂ ਹੜਤਾਲ ਤੇ ਸੇਵਾ ਕੇਂਦਰ ਦੂਸਰੇ ਦਿਨ ਵੀ ਰਹੇ ਬੰਦ
Publish Date: Sat, 30 May 2026 08:36 PM (IST)
Updated Date: Sat, 30 May 2026 08:38 PM (IST)

--ਧਮਕੀਆਂ, ਪਰਚਿਆਂ ਤੋਂ ਡਰਨ ਵਾਲੇ ਨਹੀ : ਰਮਨਦੀਪ ਕੌਰ ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ ’ਤੇ ਕਪੂਰਥਲਾ ਦੇ ਸਮੁੱਚੇ ਸੇਵਾ ਕੇਂਦਰ ਦੂਸਰੇ ਦਿਨ ਵੀ ਬੰਦ ਰਹੇ। ਕੱਲ੍ਹ ਸ਼ਾਮ ਨੂੰ ਟੀਸੀਐੱਸ ਕੰਪਨੀ ਦੇ ਐੱਚਆਰ ਅਕਾਸ਼ਦੀਪ ਸਿੰਘ ਜੱਸਲ ਵੱਲੋਂ ਮੇਲ ਜ਼ਰੀਏ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦਾ ਕੰਟਰੈਕਟ ਰੱਦ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ ਤੇ ਅੱਜ ਜ਼ਿਲ੍ਹਾ ਪ੍ਰਧਾਨ ਰਮਨਦੀਪ ਕੌਰ ਦੂਲੋਵਾਲ, ਕੁਲਜਿੰਦਰ ਸਿੰਘ ਲੋਟੀਆ, ਜਤਿੰਦਰ ਸਿੰਘ ਦੀ ਅਗਵਾਈ ਵਿਚ ਮੁਲਾਜ਼ਮ ਜੰਮ੍ਹ ਕੇ ਸਰਕਾਰ ਤੇ ਪ੍ਰਸ਼ਾਸਨ ’ਤੇ ਵਰ੍ਹੇ। ਬੁਲਾਰਿਆਂ ਨੇ ਕਿਹਾ ਕਿ ਇਹ ਮੁੰਬਈ ਮਹਾਰਾਸ਼ਟਰ ਦੀ ਕੰਪਨੀ ਹੈ, ਇਨ੍ਹਾਂ ਨੂੰ ਪੰਜਾਬ ਦੀ ਤਾਸੀਰ ਨਹੀਂ ਪਤਾ। ਜਦ ਪੰਜਾਬ ਦੀ ਕਿਸਾਨੀ, ਜਵਾਨੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ ਤਾਂ ‘ਮੋਦੀ ਹੈ ਤੋਂ ਮੁਮਕਿਨ ਹੈ’ ਕਹਿਣ ਵਾਲੇ ਵੀ ਗੋਡਿਆਂ ਭਾਰ ਆ ਜਾਂਦੇ ਹਨ। ਦਿੱਲੀ ’ਚ ਹੋਇਆ ਸਦੀ ਦਾ ਸਭ ਤੋਂ ਵੱਡਾ ਕਿਸਾਨੀ ਸੰਘਰਸ਼ ਇਸ ਦੀ ਪ੍ਰਤੱਖ ਉਦਾਹਰਨ ਹੈ। ਚੱਲਦੇ ਸੰਘਰਸ਼ ਦੌਰਾਨ ਡੀਐੱਮ ਚਾਣਕਿਆ ਅਨੰਦ ਵੱਲੋਂ ਧਰਨਾ ਦੇ ਰਹੇ ਮੁਲਾਜ਼ਮਾਂ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿ ਕੀਤੀ ਗਈ ਕਿ ਧਰਨਾਕਾਰੀ ਲੋਕਾਂ ਨੂੰ ਸੇਵਾ ਕੇਂਦਰ ਦੇ ਅੰਦਰ ਨਹੀਂ ਆਉਣ ਦੇ ਰਹੇ। ਜਦ ਸਦਰ ਥਾਣਾ ਮੁਖੀ ਰਣਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਸਥਿਤੀ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਸ਼ਿਕਾਇਤ ਬੇਬੁਨਿਆਦ ਹੈ। ਖ਼ਬਰ ਲਿਖੇ ਜਾਣ ਤੱਕ ਮੀਡੀਆ ਪਲੇਟਫਾਰਮਾਂ ਜ਼ਰੀਏ ਖ਼ਬਰ ਨਸ਼ਰ ਹੋ ਰਹੀ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਕੈਬਨਿਟ ਮੀਟਿੰਗ ਹੋ ਰਹੀ ਹੈ। ਮੀਟਿੰਗ ਵਿਚ ਸੀ ਤੇ ਡੀ ਕਲਾਸ ਮੁਲਾਜ਼ਮਾਂ ਨੂੰ ਆਊਟਸੋਰਸਿਸ ਵਿਚੋਂ ਕੱਢਕੇ ਰੈਗੂਲਰ ਕਰਨ ’ਤੇ ਮੋਹਰ ਲੱਗ ਸਕਦੀ ਹੈ। ਦੂਸਰੇ ਦਿਨ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇ ਕਿਸਾਨ ਯੂਨੀਅਨ ਬਾਗੀ ਦੇ ਆਗੂ ਗੁਰਦੀਪ ਸਿੰਘ ਭੰਡਾਲ, ਸ਼ੇਰੇ ਪੰਜਾਬ ਜਥੇਬੰਦੀ ਦੇ ਆਗੂ ਤੇ ਸੇਵਾਦਾਰ ਹਲਕਾ ਭੁਲੱਥ ਨਛੱਤਰ ਸਿੰਘ ਬਾਈ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭੁੱਲਰ, ਸੰਜੀਵ ਕੋਡਲ ਸੂਬਾ ਆਗੂ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ, ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ ਤੇ ਹੋਰ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਹਾਜ਼ਰ ਰਹੀਆਂ।