ਕਮਾਲਪੁਰ ਛੰਨਾ ’ਚ ਬਿਜਲੀ ਮੁਲਾਜ਼ਮਾਂ ਦਾ ਘੇਰਾਓ, ਪ੍ਰੀਪੇਡ ਮੀਟਰਾਂ ਦੀਆਂ ਤਾਰਾਂ ਮੁੜ ਲਗਵਾਈਆਂ
ਕਮਾਲਪੁਰ ਛੰਨਾ ’ਚ ਬਿਜਲੀ ਮੁਲਾਜ਼ਮਾਂ ਦਾ ਘਿਰਾਓ, ਪ੍ਰੀਪੇਡ ਮੀਟਰਾਂ ਦੀਆਂ ਤਾਰਾਂ ਮੁੜ ਲਗਵਾਈਆਂ
Publish Date: Tue, 24 Feb 2026 08:01 PM (IST)
Updated Date: Tue, 24 Feb 2026 08:04 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਪਿੰਡ ਕਮਾਲਪੁਰ ਛੰਨਾ ਵਿਚ ਬਿਜਲੀ ਮੁਲਾਜ਼ਮਾਂ ਦੇ ਖ਼ਿਲਾਫ਼ ਘੇਰਾਓ ਕਰਦੇ ਹੋਏ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਜ਼ੋਨ ਪ੍ਰਧਾਨ ਜੋਗਾ ਸਿੰਘ ਨੇ ਕੀਤੀ, ਜਦਕਿ ਸਟੇਜ ਦਾ ਸੰਚਾਲਨ ਗੁਰਸੇਵਕ ਸਿੰਘ ਸ਼ਿਵਦਿਆਲ ਨੇ ਕੀਤਾ। ਆਗੂਆਂ ਨੇ ਦੱਸਿਆ ਕਿ ਪ੍ਰੀਪੇਡ ਮੀਟਰ ਜਥੇਬੰਦੀ ਵੱਲੋਂ ਪਹਿਲਾਂ ਹੀ ਜਮ੍ਹਾਂ ਕਰਵਾਏ ਗਏ ਮੀਟਰਾਂ ਦੀਆਂ ਤਾਰਾਂ ਬਿਜਲੀ ਮੁਲਾਜ਼ਮਾਂ ਵੱਲੋਂ ਬਿਨਾਂ ਕੋਈ ਸੂਚਨਾ ਦਿੱਤੇ ਉਤਾਰ ਦਿੱਤੀਆਂ ਗਈਆਂ ਸਨ। ਇਸ ਕਾਰਵਾਈ ਨੂੰ ਜਥੇਬੰਦੀ ਨੇ ਗਲਤ ਕਰਾਰ ਦਿੰਦਿਆਂ ਤਿੱਖਾ ਵਿਰੋਧ ਕੀਤਾ ਤੇ ਮੌਕੇ ’ਤੇ ਇਕੱਠੇ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੇ ਬਿਜਲੀ ਮੁਲਾਜ਼ਮਾਂ ਨੂੰ ਤਾਰਾਂ ਮੁੜ ਲਗਾਉਣ ਲਈ ਕਿਹਾ, ਜਿਸ ਤੋਂ ਬਾਅਦ ਉਤਾਰੀ ਗਈਆਂ ਤਾਰਾਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਕੋਲੋਂ ਦੁਬਾਰਾ ਲਗਵਾਈਆਂ ਗਈਆਂ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਇਸ ਤਰ੍ਹਾਂ ਦੀ ਕੋਈ ਵੀ ਇਕਤਰਫ਼ਾ ਕਾਰਵਾਈ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਕਿ ਪ੍ਰੀਪੇਡ ਮੀਟਰਾਂ ਸਬੰਧੀ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਲੋਕਾਂ ਨਾਲ ਸਲਾਹ-ਮਸ਼ਵਰਾ ਜ਼ਰੂਰ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਮਹਿੰਦਰ ਸਿੰਘ ਮੱਲੀਆਂ, ਸੂਬਾ ਸਿੰਘ, ਤਰਲੋਕ ਸਿੰਘ, ਇੰਦਰਜੀਤ ਸਿੰਘ ਕਾਹਲਵਾ, ਤੀਰਥ ਸਿੰਘ, ਸੂਰਤ ਸਿੰਘ, ਮੁਖਤਿਆਰ ਸਿੰਘ, ਮਾਸਟਰ ਭੁਪਿੰਦਰ ਸਿੰਘ ਕਮਾਲਪੁਰ, ਬੀਬੀ ਹਰਬੰਸ ਕੌਰ, ਨਰਿੰਦਰ ਕੌਰ, ਸੁਰਜੀਤ ਕੌਰ ਭਾਣੋਂ ਲੰਗਾ, ਤਰਸੇਮ ਸਿੰਘ ਜੈਨਪੁਰ, ਜਰਨੈਲ ਸਿੰਘ ਦੀਪੇਵਾਲ, ਕੁਲਵਿੰਦਰ ਸਿੰਘ ਸ਼ਤਾਬਗੜ, ਸੰਦੀਪ ਸਿੰਘ ਰਾਮਪੁਰ ਜਗੀਰ, ਬਲਦੇਵ ਸਿੰਘ ਸ਼ਤਾਬਗੜ, ਮੁਖਤਿਆਰ ਸਿੰਘ ਮੁੰਡੀ ਛੰਨਾ, ਮਲਕੀਤ ਸਿੰਘ ਫੱਤੋਵਾਲ, ਦਿਵਜੋਤ ਸੁਚੇਤਗੜ, ਸੁਖਵਿੰਦਰ ਸਿੰਘ ਸਰੂਪਵਾਲ, ਕੇਹਰ ਸਿੰਘ ਸਰਾਏ ਜੱਟਾ, ਕੁਲਦੀਪ ਸਿੰਘ ਅਤੇ ਸਰਬਜੀਤ ਸਿੰਘ ਕਾਲੇਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ ।