ਬੇਵਸ ਮਾਪਿਆਂ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਨਸ਼ੇ ਕਾਰਨ 5 ਪੁੱਤਰਾਂ ਦੇ ਜਾਣ ਨਾਲ ਬਜ਼ੁਰਗ ਮਾਤਾ ਪਿਤਾ ਦਾ ਸਹਾਰਾ ਨਹੀਂ ਬਚਿਆ
Publish Date: Sat, 25 Apr 2026 07:26 PM (IST)
Updated Date: Sun, 26 Apr 2026 04:16 AM (IST)

ਕੈਪਸ਼ਨ : 25ਕੇਪੀਟੀ30 ਪ੍ਰੈਜੀਡੈਂਟ ਰੂਰਲ ਜਲੰਧਰ ਭੁਪਿੰਦਰ ਸਿੰਘ ਐਂਟੀ ਡਰੱਗ ਕਲੱਬ ਦੋਆਬਾ ਪੀੜਤ ਪਰਿਵਾਰ ਨਾਲ ਮੁਲਾਕਾਤ ਦੌਰਾਨ ਦੁੱਖ ਸਾਂਝਾ ਕਰਦੇ ਹੋਏ। ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਵਿਖੇ ਇਕ ਬਹੁਤ ਦੁਖਦਾਈ ਘਟਨਾ ਵਾਪਰੀ ਸੀ, ਜਿੱਥੇ ਕਦੀ ਪੰਜ ਪੁੱਤਰਾਂ ਦੇ ਹਾਸੇ ਗੂੰਜਦੇ ਸਨ, ਉੱਥੇ ਮਨਜੀਤ ਕੌਰ ਦਾ ਆਖ਼ਰੀ ਪੁੱਤਰ ਵੀ ਨਸ਼ੇ ਦੀ ਲੱਤ ਕਾਰਨ ਮੌਤ ਦੀ ਭੇਟ ਚੜ੍ਹ ਗਿਆ, ਦੁੱਖ ਦੀ ਗੱਲ ਇਹ ਹੈ ਕਿ ਇਸ ਮਾਂ ਦੇ ਸਾਰੇ ਪੁੱਤਰ ਨਸ਼ੇ ਨੇ ਖੋਹ ਲਏ ਤੇ ਬੇਵਸ ਮਾਂ ਕੁਝ ਨਾ ਕਰ ਸਕੀ। ਅੱਜ ਇਸ ਮਾਂ ਦਾ ਘਰ ਸੁੰਨਾ ਪੈ ਗਿਆ ਤੇ ਇਕ ਖਾਲੀ ਢਾਂਚਾ ਬਣ ਕੇ ਰਹਿ ਗਿਆ ਹੈ, ਜਿੱਥੇ ਉਸ ਕੋਲ ਹੁਣ ਜ਼ਿੰਦਗੀ ਜਿਉਣ ਲਈ ਨਾ ਕੋਈ ਸਹਾਰਾ ਬਚਿਆ ਤੇ ਨਾ ਹੀ ਕੋਈ ਉਮੀਦ ਬਚੀ। ਇਹ ਵਿਚਾਰ ਪ੍ਰੈਜੀਡੈਂਟ ਰੂਰਲ ਜਲੰਧਰ ਭੁਪਿੰਦਰ ਸਿੰਘ ਐਂਟੀ ਡਰੱਗ ਕਲੱਬ ਦੋਆਬਾ ਨੇ ਦੁਖੀ ਪਰਿਵਾਰ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨਾਲ ਦੁੱਖ ਸਾਂਝਾ ਕਰਦਿਆਂ ਕੀਤੇ। ਉਨ੍ਹਾਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਸਾਥ ਦੇਣ ਤੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ। ਗੱਲਬਾਤ ਦੌਰਾਨ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਉਨ੍ਹਾਂ ਨੂੰ ਕਈ ਵਾਰ ਡਰੱਗ ਮਾਫੀਆ ਵੱਲੋਂ ਧਮਕੀਆਂ ਵੀ ਮਿਲੀਆ ਪਰ ਫੇਰ ਵੀ ਉਨ੍ਹਾਂ ਨਸ਼ਾ ਮੁਕਤੀ ਲਈ ਆਪਣੀ ਸੇਵਾ ਜਾਰੀ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਦੇ ਬਹੁਤੇ ਘਰਾਂ ’ਚ ਅਜਿਹਾ ਸੰਤਾਪ ਹੰਡਾਇਆ ਜਾ ਰਿਹਾ ਹੈ ਅਤੇ ਪਿੱਛੇ ਬਜ਼ੁਰਗ ਮਾਤਾ-ਪਿਤਾ ਤੇ ਛੋਟੇ-ਛੋਟੇ ਪੋਤੇ-ਪੋਤੀਆਂ ਨੂੰ ਜ਼ਿੰਦਗੀ ਦਾ ਕੋਈ ਸਹਾਰਾ ਬਾਕੀ ਨਹੀਂ ਬਚਦਾ। ਉਨ੍ਹਾਂ ਕਿਹਾ ਕਿ ਡਰੱਗ ਮਾਫੀਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਸਾਡੇ ਪੰਜਾਬ ਦੀ ਜਵਾਨੀ ਬਚ ਸਕੇ ਤੇ ਬਜ਼ੁਰਗ ਮਾਤਾ-ਪਿਤਾ ਦਾ ਸਹਾਰਾ ਕਾਇਮ ਰਹਿ ਸਕੇ।