ਏਕਤਾ ਪਾਰਟੀ ਨੇ ਨਗਰ ਨਿਗਮ ਸਫਾਈ ਕਰਮਚਾਰੀਆਂ ਨੂੰ ਦਿੱਤਾ ਸਮਰਥਨ
ਏਕਤਾ ਪਾਰਟੀ ਨੇ ਨਗਰ ਨਿਗਮ ਸਫਾਈ ਕਰਮਚਾਰੀਆਂ ਨੂੰ ਦਿੱਤਾ ਸਮਰਥਨ
Publish Date: Thu, 07 May 2026 09:37 PM (IST)
Updated Date: Thu, 07 May 2026 09:38 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਵਿਖੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੜਤਾਲ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਏਕਤਾ ਪਾਰਟੀ ਕਪੂਰਥਲਾ ਵੱਲੋਂ ਖੁੱਲ੍ਹ ਕੇ ਇਸ ਸੰਘਰਸ਼ ਦੀ ਹਿਮਾਇਤ ਕੀਤੀ ਗਈ। ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਪਣੇ ਸਾਥੀਆਂ ਸਮੇਤ ਧਰਨੇ ਵਿਚ ਪਹੁੰਚੇ ਤੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਪੰਜਾਬ ਸਰਕਾਰ ਦੀਆਂ ਨੀਤੀਆਂ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਇਸ ਮੌਕੇ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਸਫਾਈ ਕਰਮਚਾਰੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੰਬੇ ਸਮੇਂ ਤੋਂ ਅਣਡਿੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਨਾ ਸਮੇਂ ਸਿਰ ਤਨਖਾਹ ਮਿਲ ਰਹੀ ਹੈ। ਲੰਬੇ ਸਮੇਂ ਤੋਂ ਪੱਕੀ ਨੌਕਰੀ, ਤਨਖਾਹਾਂ ਵਿਚ ਸੁਧਾਰ ਤੇ ਹੋਰ ਸਹੂਲਤਾਂ ਦੀ ਮੰਗ ਕਰ ਰਹੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਾ ਤਾਂ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕੀਤੇ ਗਏ ਹਨ ਤੇ ਨਾ ਹੀ ਨੌਜਵਾਨਾਂ ਲਈ ਰੋਜ਼ਗਾਰ ਦਾ ਕੋਈ ਢੁੱਕਵਾਂ ਸਾਧਨ ਤਿਆਰ ਕੀਤਾ ਗਿਆ ਹੈ। ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਆਮ ਲੋਕ ਬਹੁਤ ਪਰੇਸ਼ਾਨ ਹਨ, ਪਰ ਸਰਕਾਰ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਹਟਾ ਰਹੀ ਹੈ। ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਏਕਤਾ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਰਜੀਤ ਮਾਨ, ਅਰੁਣ ਸਭਰਵਾਲ, ਹਰਮਨਪ੍ਰੀਤ ਸਿੰਘ, ਸ਼ੀਲਾ, ਜੋਬਨ, ਜੱਸਾ, ਦੀਪਕ, ਅਕਾਸ਼, ਚੰਨੀ, ਰਾਹੁਲ, ਮੋਨੂੰ, ਅਨਮੋਲ, ਹਰਮਨ, ਬਿੱਲਾ ਤੇ ਹੋਰ ਸ਼ਾਮਲ ਸਨ।