ਏਕਤਾ ਪਾਰਟੀ ਕਪੂਰਥਲਾ ਵੱਲੋਂ ਮੀਟਿੰਗ, ‘ਆਪ’ ਤੋਂ ਸਮਰਥਨ ਵਾਪਸੀ ਦਾ ਐਲਾਨ
ਏਕਤਾ ਪਾਰਟੀ ਕਪੂਰਥਲਾ ਵੱਲੋਂ ਮੀਟਿੰਗ, ਆਮ ਆਦਮੀ ਪਾਰਟੀ ਤੋਂ ਸਮਰਥਨ ਵਾਪਸੀ ਦਾ ਐਲਾਨ
Publish Date: Sat, 25 Apr 2026 06:40 PM (IST)
Updated Date: Sun, 26 Apr 2026 04:13 AM (IST)

ਕੈਪਸ਼ਨ: 25ਕੇਪੀਟੀ35 ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਅਤੇ ਨਾਲ ਹੋਰ ਵਰਕਰ। ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਏਕਤਾ ਪਾਰਟੀ ਕਪੂਰਥਲਾ ਦੀ ਇਕ ਮਹੱਤਵਪੂਰਨ ਮੀਟਿੰਗ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ’ਚ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਤੇ ਮੌਜੂਦਾ ਰਾਜਨੀਤਿਕ ਹਾਲਾਤਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ, ਜਿਸ ਅਧੀਨ ਏਕਤਾ ਪਾਰਟੀ ਨੇ ਆਮ ਆਦਮੀ ਪਾਰਟੀ ਤੋਂ ਆਪਣਾ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਮੂਲ ਮਕਸਦਾਂ ਅਤੇ ਵਾਅਦਿਆਂ ਤੋਂ ਭੱਟਕ ਚੁੱਕੀ ਹੈ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀਆਂ ਨੀਤੀਆਂ ਵਿੱਚ ਸਥਿਰਤਾ ਦੀ ਘਾਟ ਹੈ ਅਤੇ ਜਨਤਾ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਸੀ, ਤਾਂ ਇਹ ਉਮੀਦ ਸੀ ਕਿ ਸਰਕਾਰ ਲੋਕ ਭਲਾਈ ਲਈ ਕੰਮ ਕਰੇਗੀ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇ ਮਾਡਲ ਨੂੰ ਅੱਗੇ ਵਧਾਏਗੀ, ਪਰ ਹਕੀਕਤ ਵਿੱਚ ਇਹ ਸਭ ਕੁਝ ਨਹੀਂ ਹੋ ਸਕਿਆ। ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਸਰਕਾਰ ਆਪਣੇ ਰਸਤੇ ਅਤੇ ਨੀਤੀਆਂ ਤੋਂ ਭਟਕ ਗਈ ਹੈ, ਜਿਸ ਕਾਰਨ ਏਕਤਾ ਪਾਰਟੀ ਨੂੰ ਇਹ ਕਦਮ ਚੁੱਕਣਾ ਪਿਆ । ਮੀਟਿੰਗ ਵਿੱਚ ਮੌਜੂਦ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ ਕਿ ਬੇਰੁਜ਼ਗਾਰੀ, ਮਹਿੰਗਾਈ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਦੂਰ ਕਰਨ ਵਿੱਚ ਸਰਕਾਰ ਨਾਕਾਮ ਰਹੀ ਹੈ। ਇਸ ਤੋਂ ਇਲਾਵਾ, ਵਿਕਾਸੀ ਕੰਮਾਂ ਦੀ ਰਫ਼ਤਾਰ ਵੀ ਸੰਤੋਸ਼ਜਨਕ ਨਹੀਂ ਹੈ। ਮੀਟਿੰਗ ਦੇ ਅੰਤ ’ਚ ਇਹ ਫੈਸਲਾ ਲਿਆ ਗਿਆ ਕਿ ਏਕਤਾ ਪਾਰਟੀ ਆਉਣ ਵਾਲੇ ਸਮੇਂ ’ਚ ਆਪਣੀ ਅਲੱਗ ਰਣਨੀਤੀ ਤਹਿਤ ਕੰਮ ਕਰੇਗੀ ਅਤੇ ਲੋਕਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ। ਪਾਰਟੀ ਨੇ ਇਹ ਵੀ ਸੰਕੇਤ ਦਿੱਤਾ ਕਿ ਭਵਿੱਖ ਵਿੱਚ ਨਵੇਂ ਰਾਜਨੀਤਿਕ ਵਿਕਲਪਾਂ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਸੁਰਜੀਤ ਮਾਨ, ਅਰੁਣ ਸਭਰਵਾਲ, ਪ੍ਰਿੰਸ, ਹਰਮਪ੍ਰੀਤ ਸਿੰਘ, ਸ਼ੀਲਾ, ਕੰਨੂ, ਜੋਬਨ, ਜੱਸਾ, ਦੀਪਕ, ਆਕਾਸ਼, ਚੰਨੀ, ਰਾਹੁਲ, ਮੋਨੂੰ, ਅਨਮੋਲ, ਹਰਮਨ, ਬਿੱਲਾ ਤੇ ਹੋਰ ਹਾਜ਼ਰ ਸਨ।