ਈਡੀ ਨੂੰ ਸਿਰਫ਼ ਡਰਾਉਣ ਲਈ ਵਰਤਿਆ ਜਾ ਰਿਹਾ : ਪੱਡਾ
ਈਡੀ ਨੂੰ ਸਿਰਫ਼ ਤੇ ਸਿਰਫ਼ ਦੂਜੀਆਂ ਪਾਰਟੀਆਂ ਨੂੰ ਤੋੜਨ,ਉਨ੍ਹਾਂ ਦੇ ਆਗੂਆਂ ਨੂੰ ਡਰਾਉਣ-ਧਮਕਾਉਣ ਲਈ ਵਰਤਿਆ ਜਾ ਰਿਹਾ : ਪੱਡਾ
Publish Date: Tue, 12 May 2026 08:27 PM (IST)
Updated Date: Tue, 12 May 2026 08:30 PM (IST)

ਕਿਹਾ-ਈਡੀ ਦੇ ਸਹਾਰੇ ਭਾਜਪਾ ਤੇ ਮੋਦੀ ਨੇ ਪੰਜਾਬ ਨੂੰ ਲਲਕਾਰਿਆ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵਿਚ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦੀ ਰੇਡ ਪੈਣ ’ਤੇ ਭਾਜਪਾ ਤੇ ਪੀਐੱਮ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਬੋਲਦਿਆਂ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਕਿਹਾ ਕਿ ਈਡੀ ਦੇ ਸਹਾਰੇ ਭਾਜਪਾ ਤੇ ਮੋਦੀ ਨੇ ਪੰਜਾਬ ਨੂੰ ਲਲਕਾਰਿਆ ਹੈ। ਪੰਜਾਬ ਨਾ ਪਹਿਲਾਂ ਝੁਕਿਆ ਸੀ ਤੇ ਨਾ ਹੁਣ ਝੁਕੇਗਾ। ਪੰਜਾਬ ਹੀ ਭਾਜਪਾ ਤੇ ਈਡੀ ਦੇ ਵਿਚਕਾਰ ਅਨੈਤਿਕ ਗੱਠਜੋੜ ਨੂੰ ਖ਼ਤਮ ਕਰੇਗਾ। ਪੰਜਾਬ ਗੁਰੂਆਂ ਦੀ ਧਰਤੀ ਹੈ। ਪੰਜਾਬ ਨੇ ਔਰੰਗਜ਼ੇਬ ਨੂੰ ਵੀ ਜਵਾਬ ਦਿੱਤਾ ਸੀ ਤੇ ਹੁਣ 2027 ਦੀਆਂ ਚੋਣਾਂ ਵਿਚ ਮੋਦੀ ਨੂੰ ਵੀ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਦੇ ਘਰ ਇਕੱਠੇ ਈਡੀ ਦੀ ਰੇਡ ਹੋਈ ਸੀ। ਅਸ਼ੋਕ ਮਿੱਤਲ ਭਾਜਪਾ ਵਿਚ ਸ਼ਾਮਲ ਹੋ ਗਏ ਤਾਂ ਰੇਡ ਬੰਦ ਹੋ ਗਈ, ਪਰ ਸੰਜੀਵ ਅਰੋੜਾ ਨੇ ਇਨਕਾਰ ਕਰ ਦਿੱਤਾ ਤਾਂ ਫਿਰ ਤੋਂ ਰੇਡ ਹੋ ਗਈ। ਉਨ੍ਹਾਂ ਕਿਹਾ ਕਿ ਈਡੀ ਦਾ ਕੰਮ ਹੈ ਕਿ ਦੇਸ਼ ਦੇ ਅੰਦਰ ਜੇਕਰ ਕਿਤੇ ਮਨੀ ਲਾਂਡਰਿੰਗ ਹੋ ਰਹੀ ਹੈ,ਤਾਂ ਉਸ ਨੂੰ ਰੋਕਣਾ ਤੇ ਉਸ ਦੀ ਜਾਂਚ ਕਰਨਾ। ਜੇਕਰ ਇਸ ਮਕਸਦ ਨਾਲ ਈਡੀ ਆਪਣੀ ਕਾਰਵਾਈ ਕਰੇ, ਤਾਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਜਦੋਂ ਤੋਂ ਇਸ ਦੇਸ਼ ਦੇ ਅੰਦਰ ਮੋਦੀ ਦਾ ਰਾਜ ਆਇਆ ਹੈ, ਸੀਬੀਆਈ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੰਮ ਨਹੀਂ ਕਰਦੀ ਤੇ ਨਾ ਹੀ ਈਡੀ ਮਨੀ ਲਾਂਡਰਿੰਗ ਰੋਕਣ ਲਈ ਕੰਮ ਕਰਦੀ ਹੈ। ਉਹ ਸਿਰਫ਼ ਤੇ ਸਿਰਫ਼ ਦੂਜੀਆਂ ਪਾਰਟੀਆਂ ਨੂੰ ਤੋੜਨ, ਉਨ੍ਹਾਂ ਦੇ ਆਗੂਆਂ ਨੂੰ ਡਰਾਉਣ-ਧਮਕਾਉਣ ਤੇ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਕਰਾਉਣ ਦਾ ਕੰਮ ਕਰਦੀਆਂ ਹਨ। ਪੱਡਾ ਨੇ ਮੋਦੀ ਨੂੰ ਪੂਰੀ ਨਿਮਰਤਾ ਨਾਲ ਯਾਦ ਦਿਵਾਉਂਦਿਆਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਅੱਜ ਮੋਦੀ ਜੀ ਜੋ ਪੰਜਾਬ ਨਾਲ ਅੱਤਿਆਚਾਰ ਕਰ ਰਹੇ ਹਨ, ਉਹ ਸਾਨੂੰ ਕਈ ਸੌ ਸਾਲ ਪਹਿਲਾਂ ਦੇ ਉਸ ਵਕਤ ਦੀ ਯਾਦ ਦਿਵਾਉਂਦਾ ਹੈ ਜਦੋਂ ਔਰੰਗਜ਼ੇਬ ਨੇ ਭਾਰਤ ਦੇ ਅੰਦਰ ਥਾਂ-ਥਾਂ ਅੱਤਿਆਚਾਰ ਕਰਕੇ ਕਈ ਹਿੱਸਿਆਂ ’ਤੇ ਕਬਜ਼ਾ ਕਰ ਲਿਆ ਸੀ। ਅੱਜ ਮੋਦੀ ਜੀ ਨੇ ਬੇਈਮਾਨੀ ਕਰਕੇ ਭਾਰਤ ਦੇ ਕਈ ਹਿੱਸਿਆਂ ’ਤੇ ਕਬਜ਼ਾ ਕਰ ਲਿਆ ਹੈ। ਪੂਰੇ ਦੇਸ਼ ਤੇ ਬੇਈਮਾਨੀ ਨਾਲ ਕਬਜ਼ਾ ਕਰਨ ਤੋਂ ਬਾਅਦ ਹੁਣ ਮੋਦੀ ਜੀ ਦੀ ਨਜ਼ਰ ਵੀ ਪੰਜਾਬ ਦੇ ਉੱਪਰ ਪਈ ਹੈ। ਔਰੰਗਜ਼ੇਬ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਅੱਤਿਆਚਾਰ ਕੀਤਾ ਸੀ ਤੇ ਮੋਦੀ ਜੀ ਵੀ ਪੰਜਾਬ ਦੇ ਲੋਕਾਂ ਨਾਲ ਬਹੁਤ ਅੱਤਿਆਚਾਰ ਕਰ ਰਹੇ ਹਨ ਪਰ ਉਸ ਵਕਤ ਸਾਡੇ ਗੁਰੂ ਸਾਹਿਬਾਨ ਨੇ ਔਰੰਗਜ਼ੇਬ ਦੇ ਅੱਤਿਆਚਾਰ ਤੇ ਅਨਿਆਂ ਦਾ ਸਾਹਮਣਾ ਕੀਤਾ ਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਿਤ ਹੋ ਕੇ ਅੱਜ ਪੰਜਾਬ ਦੇ ਲੋਕ ਖੜ੍ਹੇ ਹੋ ਕੇ ਮੋਦੀ ਦੇ ਅੱਤਿਆਚਾਰ ਤੇ ਅਨਿਆਂ ਦਾ ਸਾਹਮਣਾ ਕਰਨਗੇ ਤੇ ਪੂਰੇ ਦੇਸ਼ ਨੂੰ ਮੋਦੀ ਰਾਜ ਦੇ ਅਨਿਆਂ ਤੇ ਅੱਤਿਆਚਾਰ ਤੋਂ ਮੁਕਤੀ ਦਿਵਾਉਣਗੇ।