ਪੰਜਾਬ ਨੂੰ ਅਟਲ ਭੂ-ਜਲ ਯੋਜਨਾ ਤੋਂ ਬਾਹਰ ਰੱਖਣਾ ਗੰਭੀਰ ਮਸਲਾ : ਸੰਤ ਸੀਚੇਵਾਲ
ਰਾਜ ਸਭਾ ਵਿੱਚ ਪੰਜਾਬ ਦੇ ਪਾਣੀਆਂ ਦੀ ਗੂੰਜ
Publish Date: Thu, 12 Mar 2026 09:13 PM (IST)
Updated Date: Thu, 12 Mar 2026 09:15 PM (IST)

- ਧਰਤੀ ਹੇਠਲੇ ਡੂੰਘੇ ਹੁੰਦੇ ਪਾਣੀਆਂ ਬਾਰੇ ਸੰਤ ਸੀਚੇਵਾਲ ਨੇ ਫ਼ਿਕਰਮੰਦੀ ਕੀਤੀ ਜ਼ਾਹਿਰ - ਧਰਤੀ ਹੇਠਲੇ ਪਾਣੀ ਦਾ ਤੇਜ਼ੀ ਨਾਲ ਘਟਣਾ ਕਿਸਾਨੀ ਤੇ ਮਜ਼ਦੂਰ ਵਰਗ ਲਈ ਵੱਡਾ ਖਤਰਾ ਕੁਲਬੀਰ ਮਿੰਟੂ, ਲਖਬੀਰ ਲੱਖੀ ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਪਾਣੀਆਂ ਦੇ ਸੰਕਟ ਦਾ ਮਾਮਲਾ ਇਕ ਵਾਰ ਫਿਰ ਰਾਜ ਸਭਾ ਵਿਚ ਜ਼ੋਰਦਾਰ ਢੰਗ ਨਾਲ ਉਠਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਨੂੰ ਸਿੱਧੇ ਸਵਾਲ ਕੀਤੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਾਣੀ ਦੇ ਸੰਕਟ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਕਿਸਾਨੀ ਤੇ ਮਜ਼ਦੂਰ ਵਰਗ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਜ਼ਿਕਰਯੋਗ ਹੈ ਕਿ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਆਰਥਿਕਤਾ ਪਾਣੀਆਂ ਦੁਆਲੇ ਹੀ ਘੁੰਮਦੀ ਆ ਰਹੀ ਹੈ। ਸੰਤ ਸੀਚੇਵਾਲ ਵੱਲੋਂ ਪੁਛੇ ਸਵਾਲ ਦੇ ਜਵਾਬ ਵਿਚ ਕੇਂਦਰੀ ਜਲ ਸਰੋਤਾਂ ਬਾਰੇ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਵੱਲੋਂ ਦੱਸਿਆ ਗਿਆ ਕਿ ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਅਨੁਸਾਰ ਪੰਜਾਬ ਦੇ 57 ਫੀਸਦੀ ਨਿਗਰਾਨੀ ਖੂਹਾਂ ਵਿਚ ਪਾਣੀ ਦੇ ਪੱਧਰ ਵਿਚ ਵਾਧਾ ਦਰਜ ਕੀਤਾ ਗਿਆ ਹੈ ਜਦਕਿ 43 ਫੀਸਦੀ ਖੂਹਾਂ ਵਿਚ ਘਟਾਅ ਆਇਆ ਹੈ। ਇਹ ਅਧਿਐਨ ਸਾਲ 2015 ਤੋਂ 2025 ਤੱਕ ਕੀਤਾ ਗਿਆ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ’ਤੇ ਬਹੁਤ ਦਬਾਅ ਬਣਿਆ ਹੋਇਆ ਹੈ। ਝੋਨੇ ਹੇਠ ਰਕਬਾ ਘੱਟ ਨਹੀਂ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਹ ਜਲ ਸਰੋਤਾਂ ਬਾਰੇ ਸਥਾਈ ਸੰਸਦੀ ਕਮੇਟੀ ਦੇ ਮੈਂਬਰ ਸਨ ਤਾਂ ਉਨ੍ਹਾਂ ਨੇ ਪੰਜਾਬ ਨੂੰ ਅਟਲ ਭੂ-ਜਲ ਯੋਜਨਾ ਦੇ ਦਾਇਰੇ ਵਿਚ ਲਿਆਉਣ ਲਈ ਕਈ ਵਾਰ ਜ਼ੋਰ ਲਾਇਆ ਸੀ, ਪਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਯੋਜਨਾ ਤੋਂ ਬਾਹਰ ਹੀ ਰੱਖਿਆ। ਉਨ੍ਹਾਂ ਕਿਹਾ ਕਿ ਇਹ ਸੂਬੇ ਦੀ ਵੱਡੀ ਅਣਦੇਖੀ ਹੈ ਤੇ ਇਹ ਇਕ ਗੰਭੀਰ ਮਸਲਾ ਵੀ ਹੈ। ਕੇਂਦਰੀ ਰਾਜ ਮੰਤਰੀ ਨੇ ਆਪਣੇ ਜਵਾਬ ਵਿਚ ਮੰਨਿਆ ਕਿ ਦੇਸ਼ ਦੇ ਕਈ ਹਿੱਸਿਆਂ ਵਾਂਗ ਪੰਜਾਬ ਵਿਚ ਵੀ ਧਰਤੀ ਹੇਠਲੇ ਪਾਣੀ ਦੇ ਘਟਣ ਦੇ ਮੁੱਖ ਕਾਰਨਾਂ ਵਿਚ ਜੰਗਲਾਂ ਦੀ ਬੇਹਿਸਾਬ ਕਟਾਈ, ਭੂ-ਜਲ ਦੀ ਬੇਹਿਸਾਬ ਖਪਤ ਤੇ ਸਾਲਾਨਾ ਰੀਚਾਰਜ ਸਮਰੱਥਾ ਨਾਲੋਂ ਕਈ ਗੁਣਾ ਵੱਧ ਪਾਣੀ ਕੱਢਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੀਂਹ ਹੀ ਭੂ-ਜਲ ਦੀ ਮੁੱਖ ਭਰਪਾਈ ਕਰਦਾ ਹੈ ਤੇ ਸਿੰਚਾਈ ਦੇ ਆਧੁਨਿਕ ਤਰੀਕਿਆਂ ਨਾਲ ਵੀ ਪਾਣੀ ਦੀ ਬਚਤ ਸੰਭਵ ਹੈ। ਪੰਜਾਬ ਦੇ ਪਾਣੀਆਂ ਦੀ ਹਕੀਕਤ ਕੇਂਦਰ ਸਰਕਾਰ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਕੁੱਲ 186 ਖੂਹਾਂ ਦੇ ਪਾਣੀ ਦਾ ਅਧਿਐਨ ਕੀਤਾ ਗਿਆ। ਇਨ੍ਹਾਂ ਵਿਚੋਂ 106 ਖੂਹਾਂ ਵਿਚ ਪਾਣੀ ਦਾ ਪੱਧਰ ਵਧਿਆ ਜਦਕਿ 78 ਖੂਹਾਂ ਵਿਚ ਘਟਾਅ ਦਰਜ ਕੀਤੀ ਗਈ। ਕਈ ਥਾਵਾਂ ’ਤੇ ਇਹ ਵਾਧਾ ਸਿਰਫ਼ 0 ਤੋਂ 2 ਮੀਟਰ ਤੱਕ ਹੀ ਸੀ। ਜ਼ਿਲ੍ਹਾ ਵਾਰ ਅੰਕੜਿਆਂ ਮੁਤਾਬਕ ਸੰਗਰੂਰ ਦੇ ਚਾਰ, ਬਰਨਾਲਾ ਦੇ ਤਿੰਨ ਤੇ ਮਾਲੇਰਕੋਟਲਾ ਦੇ ਇਕ ਖੂਹ ਵਿਚ ਪਾਣੀ ਦਾ ਪੱਧਰ ਘਟਿਆ ਹੈ। ਫਾਜ਼ਿਲਕਾ ਦੇ ਦਸ ਵਿਚੋਂ ਦਸ ਖੂਹਾਂ ਵਿਚ ਪਾਣੀ ਵਧਿਆ ਹੈ, ਜਦਕਿ ਰੋਪੜ ਦੇ ਸੱਤ ਤੇ ਅੰਮ੍ਰਿਤਸਰ ਦੇ ਚਾਰ ਖੂਹਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਹੁਸ਼ਿਆਰਪੁਰ ਦੇ 19 ਵਿਚੋਂ 17 ਖੂਹਾਂ ਵਿਚ ਪਾਣੀ ਵਧਿਆ ਹੈ, ਪਰ ਬਠਿੰਡਾ ਦੇ 17 ਵਿਚੋਂ ਸਿਰਫ਼ ਚਾਰ ਖੂਹਾਂ ਵਿਚ ਹੀ ਵਾਧਾ ਹੋਇਆ। ਪਟਿਆਲਾ ਦੇ 12 ਵਿਚੋਂ 8 ਖੂਹਾਂ ਤੇ ਲੁਧਿਆਣਾ ਦੇ 9 ਵਿਚੋਂ 8 ਖੂਹਾਂ ਵਿਚ ਪਾਣੀ ਦਾ ਪੱਧਰ ਡਿੱਗਿਆ ਹੈ। ਸੰਤ ਸੀਚੇਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਣੀ ਦੇ ਸੰਕਟ ’ਤੇ ਤੁਰੰਤ ਤੇ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਦੀ ਧਰਤੀ ਤੇ ਖੇਤੀ ਪ੍ਰਣਾਲੀ ਨੂੰ ਭਵਿੱਖ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।