ਵਿਦੇਸ਼ਾਂ ’ਚ ਮਰਨ ਵਾਲੇ ਭਾਰਤੀਆਂ ਦੀਆਂ ਦੇਹਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਸਰਕਾਰੀ ਸਹਾਇਤਾ ਦਿੱਤੀ ਜਾਵੇ
ਸਪੈਸ਼ਲ ਮੈਨਸ਼ਨ ਦੌਰਾਨ ਸੰਤ ਸੀਚੇਵਾਲ ਨੇ ਉਠਾਇਆ ਮਨੁੱਖੀ ਪੱਖ ਨਾਲ ਜੁੜਿਆ ਸੰਵੇਦਨਸ਼ੀਲ ਮੁੱਦਾ
Publish Date: Wed, 11 Mar 2026 09:05 PM (IST)
Updated Date: Wed, 11 Mar 2026 09:09 PM (IST)

ਸਪੈਸ਼ਲ ਮੈਨਸ਼ਨ ਦੌਰਾਨ ਸੰਤ ਸੀਚੇਵਾਲ ਨੇ ਉਠਾਇਆ ਮਨੁੱਖੀ ਪੱਖ ਨਾਲ ਜੁੜਿਆ ਸੰਵੇਦਨਸ਼ੀਲ ਮੁੱਦਾ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਨੂੰ ਚੁੱਕਦਿਆ ਕੇਂਦਰ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਵਿਦੇਸ਼ਾਂ ਵਿਚ ਕਿਸੇ ਨਾ ਕਿਸੇ ਕਾਰਨ ਆਪਣੀ ਜਾਨ ਗੁਆਉਣ ਵਾਲੇ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਰਕਾਰ ਘਰ ਤੱਕ ਪਹੁੰਚਦਾ ਕਰਨ ਲਈ ਢੁੱਕਵੇਂ ਇੰਤਜ਼ਾਮ ਕਰੇ। ਉਨ੍ਹਾਂ ਰਾਜ ਸਭਾ ਦੇ ਹਾਊਸ ਵਿਚ ਸ਼ਪੈਸ਼ਲ ਮੈਨਸ਼ਨ ਤਹਿਤ ਮੁੱਦਾ ਚੁੱਕਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਹਰ ਸਾਲ ਭਾਰਤੀ ਨਾਗਰਿਕ ਰੋਜ਼ਗਾਰ ਦੀ ਭਾਲ ਵਿਚ ਜਾਂ ਸਿੱਖਿਆ ਹਾਸਲ ਕਰਨ ਲਈ ਵਿਦੇਸ਼ਾਂ ਵੱਲ ਰੁੱਖ ਕਰਦੇ ਹਨ। ਬਦਕਿਸਮਤੀ ਨਾਲ ਕਈ ਕਾਰਨਾਂ ਕਰਕੇ ਵਿਦੇਸ਼ਾਂ ਵਿਚ ਰਹਿੰਦੇ ਕਈ ਭਾਰਤੀ ਨਾਗਰਿਕਾਂ ਦੀ ਮੌਤ ਹੋ ਜਾਂਦੀ ਹੈ। ਬੇਗਾਨੀ ਧਰਤੀ ’ਤੇ ਜਾਨ ਗੁਆਉਣ ਵਾਲੇ ਨੌਜਵਾਨਾਂ ਦੇ ਮ੍ਰਿਤਕ ਸਰੀਰ ਭਾਰਤ ਭੇਜਣ ਦਾ ਪ੍ਰਬੰਧ ਤਾਂ ਭਾਰਤ ਸਰਕਾਰ ਕਰ ਦਿੰਦੀ ਹੈ ਪਰ ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ਵਿਚ ਵੀ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ। ਅਮਰੀਕਾ ਜਾਂ ਕੈਨੇਡਾ ਵਿਚ ਮਾਰੇ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਮ੍ਰਿਤਕ ਸਰੀਰ ਦੇਸ਼ ਭੇਜਣ ਵਿਚ 20 ਤੋਂ 25 ਲੱਖ ਦਾ ਖਰਚਾ ਆ ਜਾਂਦਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਪੀੜਤ ਪਰਿਵਾਰਾਂ ਪ੍ਰਤੀ ਸਰਕਾਰ ਇਕ ਹਮਦਰਦੀ ਭਰੀ ਤੇ ਯੋਜਨਾਬੱਧ ਪ੍ਰਣਾਲੀ ਸਥਾਪਤ ਕਰਕੇ ਪੀੜਤ ਪਰਿਵਾਰਾਂ ਨੂੰ ਤੁਰੰਤ ਮਦਦ ਦੇਣ ਤੇ ਹਵਾਈ ਅੱਡਿਆਂ ’ਤੇ ਪੀੜਤ ਪਰਿਵਾਰਾਂ ਲਈ ਵਿਸ਼ੇਸ਼ ਸਹਾਇਤਾ ਕੇਂਦਰ ਸਥਾਪਤ ਕੀਤੇ ਜਾਣੇ। ਸੰਤ ਸੀਚੇਵਾਲ ਨੇ ਮੰਗ ਕਰਦਿਆ ਕਿਹਾ ਕਿ ਭਾਰਤ ਸਰਕਾਰ ਨੂੰ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਮੁਫ਼ਤ ਪਹੁੰਚਾਉਣ ਦਾ ਪ੍ਰਬੰਧ ਕਰੇ ਜਾਂ ਫਿਰ ਵੱਧ ਤੋਂ ਵੱਧ ਸਬਸਿਡੀ ਵਾਲਾ ਕਿਰਾਇਆ ਨਿਧਾਰਤ ਕਰੇ ਜਾਂ ਬਹੁਤ ਹੀ ਘੱਟ ਦਰਾਂ ਨਾਲ ਨਿੱਜੀ ਵਾਹਨਾਂ ਜਾਂ ਸਰਕਾਰੀ ਵਾਹਨਾਂ ਦਾ ਪ੍ਰਬੰਧ ਕਰਕੇ ਦੇਵੇ। ਉਨ੍ਹਾਂ ਕਿਹਾ ਕਿ ਹਮਦਰਦੀ ਵਾਲੇ ਕਦਮ ਚੁੱਕਣ ਨਾਲ ਹੀ ਆਮ ਲੋਕਾਂ ਦਾ ਭਰੋਸਾ ਤੇ ਵਿਸ਼ਵਾਸ਼ ਸਰਕਾਰ ਵਿਚ ਮਜ਼ਬੂਤ ਹੋਵੇਗਾ। ਮੁਸ਼ਕਲ ਘੜੀ ਵਿਚ ਸਰਕਾਰ ਜੇ ਮਜ਼ਬੂਤੀ ਨਾਲ ਪੀੜਤਾਂ ਨਾਲ ਖੜਦੀ ਹੈ ਤਾਂ ਲੋਕਾਂ ਵਿਚ ਇਕ ਚੰਗਾ ਸੁਨੇਹਾ ਜਾਵੇਗਾ ਕਿ ਸਰਕਾਰ ਅਸਲ ਵਿਚ ਲੋਕ ਭਲਾਈ ਦੇ ਕੰਮ ਹਕੀਕੀ ਤੌਰ ’ਤੇ ਕਰ ਰਹੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਨਾਜ਼ੁਕ ਸਮੇਂ ਵਿਚ ਜਦੋਂ ਪਰਿਵਾਰ ਪਹਿਲਾਂ ਹੀ ਦੁੱਖਾਂ ਨਾਲ ਘਿਰੇ ਹੋਏ ਹੁੰਦੇ ਹਨ, ਉਨ੍ਹਾਂ ਨੂੰ ਹਵਾਈ ਅੱਡੇ ਤੋਂ ਆਪਣੇ ਪਿੰਡ ਜਾਂ ਸ਼ਹਿਰ ਤੱਕ ਆਵਾਜਾਈ ਦਾ ਪ੍ਰਬੰਧ ਕਰਨ ਵਿਚ ਅਕਸਰ ਹੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਇਕ ਪੈਸੇ ਦੀ ਚੁਣੌਤੀ ਹੁੰਦੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਬਹੁਤ ਸਾਰੇ ਮਾਮਲਿਆਂ ਵਿਚ ਨਿੱਜੀ ਵਾਹਨ ਚਾਲਕ ਸਥਿਤੀ ਦਾ ਨਜ਼ਾਇਜ ਫਾਇਦਾ ਉਠਾਉਂਦੇ ਹਨ ਤੇ ਬਹੁਤ ਜ਼ਿਆਦਾ ਕਿਰਾਏ ਦੀ ਮੰਗ ਕਰਦੇ ਹਨ, ਜਿਸ ਨਾਲ ਦੁਖੀ ਪਰਿਵਾਰਾਂ ’ਤੇ ਵਾਧੂ ਆਰਥਿਕ ਬੋਝ ਪੈਂਦਾ ਹੈ, ਜੋ ਪਹਿਲਾਂ ਹੀ ਭਾਵਨਾਤਮਕ ਤੇ ਵਿੱਤੀ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹੁੰਦੇ ਹਨ। ਪਰਿਵਾਰ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਦੇ ਮ੍ਰਿਤਕ ਸਰੀਰਾਂ ਦੀ ਹਵਾਈ ਅੱਡਿਆਂ ’ਤੇ ਲੁੱਟ ਹੋ ਰਹੀ ਹੈ। ਹੁਣ ਤੱਕ ਕਈ ਮ੍ਰਿਤਕ ਦੇਹਾਂ ਨੂੰ ਵਿਦੇਸ਼ਾਂ ਤੋਂ ਲਿਆ ਚੁੱਕੈ ਨੇ ਸੰਤ ਸੀਚੇਵਾਲ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਬਤੌਰ ਰਾਜ ਸਭਾ ਦੇ ਮੈਂਬਰ ਹੁੰਦਿਆਂ 50 ਦੇ ਕਰੀਬ ਮ੍ਰਿਤਕ ਦੇਹਾਂ ਨੂੰ ਵਿਦੇਸ਼ਾਂ ਵਿਚੋਂ ਲਿਆਂਦਾ ਜਾ ਚੁੱਕਾ ਹੈ। ਆਰਥਿਕ ਪੱਖੋਂ ਟੁੱਟੇ ਮਾਪੇ ਆਪਣੇ ਪੁੱਤਰ ਜਾਂ ਧੀ ਨੂੰ ਸਦਾ ਲਈ ਗੁਆਉਣ ਤੋਂ ਬਾਅਦ ਕੱਖਾਂ ਤੋਂ ਵੀ ਹੌਲੇ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿਚ ਏਅਰਪੋਰਟ ਤੋਂ ਮ੍ਰਿਤਕ ਸਰੀਰ ਨੂੰ ਘਰ ਪਹੁੰਚਾਉਣਾ ਵੀ ਵੱਡੀ ਚਣੌਤੀ ਬਣ ਜਾਂਦਾ ਹੈ।