ਪਾਣੀ ਦਾ ਪੱਧਰ ਵਧਣ ਕਾਰਨ ਹੁਣ ਧੁੱਸੀਂ ਬੰਨ ਨੂੰ ਵੀ ਹੋਇਆ ਖਤਰਾ , ਲੋਕ ਆਪ ਮੁਹਾਰੇ ਕਰ ਰਹੇ ਬੰਨ ਨੂੰ ਮਜਬੂਤ
-ਕਾਲੀ ਵੇਈਂ ’ਚ ਠਾਠਾਂ ਮਾਰ ਰਿਹੈ ਪਾਣੀ ਸੜਕਾਂ ’ਤੇ ਵਹਿਣ ਲੱਗਾ, ਝੋਨੇ ਦੀ ਫ਼ਸਲ ਡੁੱਬੀ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ :
ਦਰਿਆ ਬਿਆਸ ਵਿੱਚ ਪਾਣੀ ਵੱਲੋਂ ਵਿਖਾਏ ਤਾਂਡਵ ਰੂਪ ਵੱਲੋਂ ਜਿੱਥੇ ਸਾਰੇ ਹੀ ਕਰੀਬ ਆਰਜੀ ਬੰਨ ਟੁੱਟਣ ਕਾਰਨ ਹਜ਼ਾਰਾਂ ਹੀ ਏਕੜ ਫਸਲ ਹੜ ਦੀ ਮਾਰ ਹੇਠ ਆ ਗਈ ਹੈ ਉੱਥੇ ਹੁਣ ਅਸਮਾਨ ਤੋਂ ਵਰਦੇ ਲਗਾਤਾਰ ਮੀਂਹ ਵੱਲੋਂ ਹੁਣ ਧੁੱਸੀਂ ਬੰਨ ਨੂੰ ਵੀ ਬਹੁਤ ਵੱਡਾ ਖਤਰਾ ਪੈਦਾ ਹੋਣ ਕਾਰਨ ਸਥਿਤੀ ਹੋਰ ਖਤਰਨਾਕ ਰੂਪ ਧਾਰਨ ਕਰ ਗਈ ਹੈ। ਆਹਲੀ ਬੰਨ ਤੇ ਫਿਰ ਚੱਕ ਪੱਤੀ ਬਾਲੂ ਬਹਾਦਰ ਬੰਨਾ ਦੇ ਟੁੱਟਣ ਤੋਂ ਬਾਅਦ ਹੁਣ ਲੋਕ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਪਿੰਡ ਅੱਲੂਵਾਲ ਦੇ ਨਜ਼ਦੀਕ ਬੰਨ ਨੂੰ ਬਚਾਉਂਦੇ ਹੋਏ ਮਿੱਟੀ ਦੇ ਬੋਰਿਆਂ ਤੇ ਟਰੈਕਟਰਾਂ ਨਾਲ ਦਿਨ ਰਾਤ ਇੱਕ ਕਰਕੇ ਆਪਣੀ ਪੂਰੀ ਵਾਹ ਲਗਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਚੱਕਾ ਵਾਲਾ ਬੰਨ ਟੁੱਟਣ ਤੋਂ ਬਾਅਦ ਪਿੰਡ ਹਜ਼ਾਰਾ, ਬੂਲੇ, ਠੱਕਰ ਕੌੜਾ, ਕਿਸ਼ਨਪੁਰ, ਘੜਕਾ ਆਦਿ ਸਾਰੇ ਪਿੰਡਾਂ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਪਿੱਛੋਂ ਪਾਣੀ ਹੋਰ ਛੱਡੇ ਜਾਣ ਤੇ ਰੈਡ ਅਲਰਟ ਜਾਰੀ ਕਰਕੇ ਪਿੰਡਾਂ ਵਿੱਚ ਮੁਨਾਦੀ ਕਰਾ ਕੇ ਜਿਹੜੇ ਲੋਕ ਹਾਲੇ ਵੀ ਘਰਾਂ ਵਿੱਚ ਬੈਠੇ ਆ ਉਹਨਾਂ ਨੂੰ ਬਾਹਰ ਸੁਰੱਖਿਅਤ ਥਾਵਾਂ ’ਤੇ ਲੈ ਕੇ ਜਾਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਹੁਣ ਪਾਣੀ ਦੇ ਪੱਧਰ ਵਧਣ ਕਾਰਨ ਪਵਿੱਤਰ ਕਾਲੀ ਵੇਈਂ ਨਦੀ ਵੀ ਪੂਰੇ ਉਫਾਨ ਤੇ ਹੈ ਤੇ ਪਾਣੀ ਹੁਣ ਓਵਰਫਲੋ ਹੋ ਕੇ ਬਾਹਰ ਆ ਰਿਹਾ ਹੈ ਜਿਸ ਨਾਲ ਬੰਨ ਦੇ ਨਾਲ ਲੱਗਦੀ ਝੋਨੇ ਦੀ ਫਸਲ, ਹਰਾ ਚਾਰਾ ਸਾਰਾ ਹੀ ਬਰਬਾਦ ਹੋ ਗਿਆ ਹੈ ਅਤੇ ਲੋਕ ਮਜਬੂਰ ਹੋ ਕੇ ਪ੍ਰਸ਼ਾਸਨ ਦੀ ਕਿਸੇ ਵੀ ਮਦਦ ਤੋਂ ਬਗੈਰ ਉੱਚੀਆਂ ਥਾਵਾਂ ਤੇ ਖੁੱਲੇ ਅਸਮਾਨ ਹੇਠਾਂ ਰਹਿਣ ਲਈ ਮਜਬੂਰ ਹਨ। ਹੜ ਦੀ ਮਾਰ ਕਾਰਨ ਕੱਚੇ ਮਕਾਨਾਂ ਦਾ ਟੁੱਟ ਕੇ ਢਹਿ ਢੇਰੀ ਹੋਣਾ ਲਗਾਤਾਰ ਜਾਰੀ ਹੈ। ਬੇਜਮਾਨ ਪਸ਼ੂਆਂ ਲਈ ਹਰਾ ਚਾਰਾ ਤੇ ਤੂੜੀ ਵੀ ਪਾਣੀ ਦੀ ਭੇਂਟ ਚੜ ਗਏ ਹਨ।
-ਆਲੂਵਾਲ ਬੱਲ ਨੂੰ ਮਜਬੂਤ ਕਰਨ ਵਿੱਚ ਜੁੱਟੇ ਕਿਸਾਨ-
ਦਰਿਆ ਬਿਆਸ ਵਿੱਚ ਲਗਾਤਾਰ ਵੱਧ ਰਹੇ ਪਾਣੀ ਕਾਰਨ ਜਿੱਥੇ ਆਹਲੀ ਵਾਲਾ ਬੰਨ ਤੇ ਫਿਰ ਚੱਕ ਪੱਤੀ ਬਾਲੂ ਬਹਾਦਰ ਦੇ ਬੰਨ੍ਹ ਟੁੱਟਣ ਕਾਰਨ ਪੈਦਾ ਹੋਈ ਧੁੱਸੀ ਬੰਨ ਦੇ ਖਤਰੇ ਨੂੰ ਵੇਖਦਿਆਂ ਅੱਲੂਵਾਲ ਨਜ਼ਦੀਕ ਬੰਨ ਨੂੰ ਮਜਬੂਤ ਕਰਨ ਲਈ ਮਿੱਟੀ ਪਾਈ ਜਾ ਰਹੀ ਹੈ। ਸੇਵਾ ਤੇ ਲੱਗੇ ਲੋਧੀਵਾਲ ਵਾਸੀ ਅਮਰਜੀਤ ਸਿੰਘ ਖਿੰਡਾ, ਕਮਲ ਹਾਜੀਪੁਰ, ਬਲਜਿੰਦਰ ਸਿੰਘ ਲੋਦੀਵਾਲ, ਦਰਸ਼ਨ ਸਿੰਘ ਕਬੀਰਪੁਰ, ਹਰਜੀਤ ਸਿੰਘ ਕਬੀਰਪੁਰ , ਰਣਜੋਧ ਸਿੰਘ ਹਾਜੀਪੁਰ, ਬਲਬੀਰ ਸਿੰਘ ਅੱਲਵਾਲ, ਜਸਵੰਤ ਸਿੰਘ ਬੱਗਾ ਕਬੀਰਪੁਰ, ਸਾਗਰ ਭਾਗੋ ਬੁੱਢਾ ਨੇ ਦੱਸਿਆ ਕਿ ਇਹਨਾਂ ਪਿੰਡਾਂ ਦੀ ਸੰਗਤ ਖੁਦ ਆਪਣੇ ਕੋਲੋਂ ਧੁੱਸੀਂ ਬੰਨ ਤੇ ਮਿੱਟੀ ਪਾਉਣ ਵਿੱਚ ਲੱਗੀ ਹੈ ।ਇਸ ਕੰਮ ਵਿੱਚ ਪ੍ਰਸ਼ਾਸਨ ਦੀ ਕੋਈ ਵੀ ਭੂਮਿਕਾ ਨਹੀਂ ਹੈ। ਪਿੰਡ ਵਾਸੀ ਆਪ ਮੁਹਾਰੇ ਹੋ ਕੇ ਆਪਣੀ ਫਸਲ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਧੁੱਸੀਂ ਬੰਨ ਦੀ ਹਾਲਤ ਬਹੁਤ ਹੀ ਖਸਤਾ ਹੈ। ਜਿਸ ਪਾਸੇ ਨਾ ਤਾਂ ਪ੍ਰਸ਼ਾਸਨ ਤੇ ਨਾ ਹੀ ਵਿਭਾਗ ਨੇ ਕੋਈ ਧਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਜੇ ਹੜ ਦੇ ਹਾਲਾਤ ਬੁਰੇ ਹੋਏ ਹਨ ਉਸ ਵਿੱਚ ਸੌ ਫੀਸਦੀ ਸਰਕਾਰ ਤੇ ਵਿਭਾਗ ਦੀ ਕਥਿਤ ਤੌਰ ਤੇ ਲਾਪਰਵਾਹੀ ਤੇ ਨਲਾਇਕੀ ਹੈ।
ਮੰਡ ਖੇਤਰ ਵਿੱਚ ਹੜ ਦਾ ਕਹਿਰ ਲਗਾਤਾਰ ਜਾਰੀ- ਪੌਂਗ ਡੈਮ ਤੋਂ ਰੋਜਾਨਾ ਵੱਡੀ ਪੱਧਰ ਤੇ ਪਾਣੀ ਛੱਡਣ ਕਾਰਨ ਮੰਡ ਖੇਤਰ ਵਿੱਚ ਹੜ ਵੱਲੋਂ ਲਗਾਤਾਰ ਕਾਇਰ ਬਰਪਾਇਆ ਜਾ ਰਿਹਾ ਹੈ। ਲੋਕਾਂ ਦੀ ਜ਼ਿੰਦਗੀ ਪਟੜੀ ਤੋਂ ਲੱਥ ਕੇ ਢਹਿ ਢੇਰੀ ਹੋ ਗਈ ਹੈ। ਪਹਿਲਾ ਫਸਲਾਂ ਤੇ ਹੁਣ ਪਾਣੀ ਦੀ ਮਾਰ ਕਾਰਨ ਲੋਕਾਂ ਦੇ ਮਕਾਨਾਂ ਵਿੱਚ ਵੀ ਵੱਡੀ ਪੱਧਰ ਤੇ ਤਰੇੜਾਂ ਪੈ ਗਈਆਂ ਹਨ ਤੇ ਕਈ ਲੋਕਾਂ ਦੇ ਘਰ ਡਿੱਗ ਵੀ ਚੁੱਕੇ ਹਨ। ਇੱਕ ਪਾਸੇ ਜਿੱਥੇ ਪ੍ਰਸ਼ਾਸਨ ਵਾਰ ਵਾਰ ਹਰ ਮਦਦ ਦੇਣ ਦਾ ਐਲਾਨ ਕਰਦਾ ਦਾਅਵੇ ਕਰ ਰਿਹਾ ਉੱਥੇ ਜਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ। ਹੜ ਨਾਲ ਘਿਰੇ ਲੋਕ ਸ਼ਰੇਆਮ ਪ੍ਰਸ਼ਾਸਨ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਰਹੇ ਹਨ ।
-ਪਵਿੱਤਰ ਕਾਲੀ ਵੇਈਂ ਪੂਰੇ ਓਫਾਨ ਤੇ ਪਾਣੀ ਓਵਰਫਲੋ ਹੋ ਕੇ ਬਾਹਰ ਵਹਿਣ ਲੱਗਾ-
ਦਰਿਆ ਬਿਆਸ ਵਿੱਚ ਪਾਣੀ ਦੇ ਪੱਧਰ ਦੇ ਲਗਾਤਾਰ ਵਧਣ ਕਾਰਨ ਪਵਿੱਤਰ ਕਾਲੀ ਵੇਈ ਵੀ ਪੂਰੇ ਉਫਾਨ ਤੇ ਹੈ ਅਤੇ ਵੇਈਂ ਦਾ ਪਾਣੀ ਓਵਰਫਲੋ ਹੋ ਕੇ ਬਾਹਰ ਵਹਿਣ ਲੱਗ ਪਿਆ ਹੈ। ਜਿਸ ਕਾਰਨ ਵੇਈ ਦੇ ਨਾਲ ਲੱਗਦੇ ਕਿਸਾਨਾਂ ਦੀ ਫਸਲ ਵੀ ਪਾਣੀ ਵਿੱਚ ਡੁੱਬ ਚੁੱਕੀ ਹੈ। ਪਵਿੱਤਰ ਵੇਈਂ ਦੇ ਕਿਨਾਰੇ ਡੋਗਰਾ ਪੈਲਸ ਦੇ ਨੇੜੇ ਆਪਣੇ ਪਸ਼ੂਆਂ ਨੂੰ ਲੈ ਕੇ ਬੈਠਾ ਪੀੜਤ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਹੁਣ ਵੇਈਂ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਲੰਘ ਗਿਆ ਹੈ ਜਿਸ ਕਾਰਨ ਮੇਰੀ 6 ਏਕੜ ਝੋਨੇ ਦੀ ਫਸਲ ਤੇ ਡੇਢ ਏਕੜ ਹਰਾ ਚਾਰਾ ਸਾਰਾ ਪਾਣੀ ਵਿੱਚ 6 ਦਿਨ ਤੋਂ ਡੁੱਬਾ ਹੋਇਆ ਹੈ ਪ੍ਰੰਤੂ ਮੇਰੇ ਕੋਲ ਨਾ ਤਾਂ ਕੋਈ ਪ੍ਰਸ਼ਾਸਨ ਅਧਿਕਾਰੀ ਤੇ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਨੇ ਕੋਈ ਮਦਦ ਕੀਤੀ। ਉਹਨਾਂ ਦੱਸਿਆ ਕਿ ਮੇਰੀ ਝੋਨੇ ਦੀ ਫਸਲ ਡੁੱਬ ਚੁੱਕੀ ਹੈ
-ਕਾਲੀ ਵੇਈ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਲਟੂਨ ਪੁਲ ਹਟਾਇਆ-
ਪਵਿੱਤਰ ਕਾਲੀ ਵੇਈਂ ਵਿੱਚ ਪਾਣੀ ਦਾ ਪੱਧਰ ਹੁਣ ਬਾਹਰ ਨਿਕਲਣ ਕਾਰਨ ਗੁਰਦੁਆਰਾ ਸੰਤ ਘਾਟ ਦੇ ਨਜ਼ਦੀਕ ਬਣਾਏ ਪਲਟੂਨ ਪੁਲ ਨੂੰ ਹਟਾ ਦਿੱਤਾ ਗਿਆ ਹੈ ਅਤੇ ਪਾਣੀ ਨਾਲ ਕਾਰ ਸੇਵਾ ਮੌਕੇ ਬਣਾਏ ਸ਼ੈਡ ਵੀ ਪਾਣੀ ਵਿੱਚ ਡੁੱਬ ਚੁੱਕੇ ਹਨ। ਪਾਣੀ ਹੁਣ ਸਿਰਫ ਪੁੱਲ ਤੋਂ ਕਰੀਬ ਦੋ ਫੁੱਟ ਹੇਠਾਂ ਹੈ ਜਿਸ ਕਾਰਨ ਖਤਰਾ ਸਿਰ ਤੇ ਮੰਡਰਾਅ ਰਿਹਾ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਪਾਣੀ ਸ਼ਹਿਰ ਦਾ ਵੀ ਰੁਖ ਕਰ ਸਕਦਾ ਹੈ। ਜਿਸ ਨਾਲ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ।
-ਪਿੰਡ ਹਜ਼ਾਰਾ ਦੇ ਗਰੀਬ ਕਿਸਾਨ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ-
ਚੱਕ ਪੱਤੀ ਬਾਲੂ ਬਹਾਦਰ ਵਾਲਾ ਬੰਨ ਟੁੱਟਣ ਉਪਰੰਤ ਪਾਣੀ ਵੱਲੋਂ ਵਿਖਾਏ ਆਪਣੇ ਭਿਆਨਕ ਰੂਪ ਕਾਰਨ ਪਿੰਡ ਬੂਲੇ ਤੇ ਹਜ਼ਾਰਾ ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੇ ਹਨ। ਹੜ ਵਿੱਚ ਘਿਰੇ ਗਰੀਬ ਪਰਿਵਾਰ ਦੀ ਔਰਤ ਨੇ ਦੱਸਿਆ ਕਿ ਰਾਤ ਨੂੰ 11 ਵਜੇ ਜਦੋਂ ਪਾਣੀ ਆਇਆ ਤਾਂ ਉਹ ਡਰ ਗਈ ਕਿਉਂਕਿ ਉਸ ਸਮੇਂ ਉਸ ਦੇ ਨਾਲ ਸਿਰਫ ਛੋਟੇ ਛੋਟੇ ਪੋਤਰੇ ਤੇ ਦੋਹਤੇ ਸਨ। ਪੌੜੀ ਵੀ ਨਹੀਂ ਸੀ ਅਤੇ ਸਮਾਨ ਵੀ ਉੱਪਰ ਨਹੀਂ ਚੜਾ ਸਕਦੇ ਸਨ ।ਪਾਣੀ ਕਾਰਨ ਪਹਿਲਾਂ ਸਾਡਾ ਬਾਹਰ ਬਣਿਆ ਬਾਥਰੂਮ ਢਹਿ ਢੇਰੀ ਹੋ ਗਿਆ ਤੇ ਫਿਰ ਰੌਲਾ ਪਾਇਆ ਤੇ ਸਾਡੀ ਮਦਦ ਲਈ ਸਾਬਕਾ ਸਰਪੰਚ ਆਹਲੀ ਤੋਂ ਆਇਆ ਜਿਸ ਨੇ ਸਾਡੀ ਜਾਨ ਬਚਾਈ ਤੇ ਉਹ ਚਾਰ ਫੁੱਟ ਪਾਣੀ ਵਿੱਚ ਬਗੈਰ ਅਗਨ ਬੋਟ ਤੋਂ ਪਹੁੰਚਿਆ। ਸਾਡੇ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਹੋਈ ਹੈ। ਉਸ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।
-ਰਾਤ ਨੂੰ ਪ੍ਰਸ਼ਾਸਨ ਛੱਡ ਦਿੰਦਾ ਹੈ ਕਿਸਾਨਾਂ ਨੂੰ ਰੱਬ ਆਸਰੇ -
ਹੜ ਪੀੜਿਤ ਕਿਸਾਨਾਂ ਨੇ ਬਹੁਤ ਭਾਵਕ ਹੁੰਦੇ ਦਰਦ ਭਰੀ ਦਾਸਤਾਨ ਸੁਣਾਉਂਦੇ ਦੱਸਿਆ ਕਿ ਭਾਰੀ ਮੀਂਹ ਕਾਰਨ ਛੱਤਾਂ ਤੋਂ ਪਾਣੀ ਚੋ ਰਿਹਾ ਹੈ ਤੇ ਮਕਾਨ ਕਿਸੇ ਵੀ ਸਮੇਂ ਡਿੱਗ ਸਕਦੇ ਹਨ। ਸੰਗਲਾਂ ਨਾਲ ਟਰੈਕਟਰਾਂ ਨੂੰ ਬੰਨਿਆ ਹੋਇਆ ਹੈ ਸਾਡੇ ਹਾਲਾਤ ਬਹੁਤ ਮਾੜੇ ਹਨ। ਅੱਧੀ ਰਾਤ ਨੂੰ ਘੁੱਪ ਹਨੇਰੇ ਵਿੱਚ ਪਾਣੀ ਵਿੱਚ ਬਗੈਰ ਅਗਨ ਬੋਟ ਦੇ ਕਿਵੇਂ ਜਾ ਸਕਦੇ ਹਾਂ। ਫਸਲਾਂ ਵੀ ਬਰਬਾਦ ਹੋ ਗਈਆਂ ਹਨ। ਪਾਣੀ ਵਿੱਚ ਸੱਪ ਵੀ ਵਹਿ ਕੇ ਆ ਰਹੇ ਹਨ ਹਰ ਸਮੇਂ ਖਤਰਾ ਬਣਿਆ ਹੋਇਆ ਹੈ। ਰਾਤ ਕਿਸੇ ਤਰ੍ਹਾਂ ਜਾਗ ਕੇ ਕੱਟਦੇ ਹਾਂ ਤੇ ਸਵੇਰ ਹੋਣ ਦਾ ਇੰਤਜ਼ਾਰ ਕਰਦੇ ਹਾਂ। ਉਹਨਾਂ ਕਿਹਾ ਕਿ ਰਾਤ ਨੂੰ ਪ੍ਰਸ਼ਾਸਨ ਸਾਨੂੰ ਰੱਬ ਆਸਰੇ ਛੱਡ ਦਿੰਦਾ ਹੈ ਤੇ ਸਵੇਰੇ ਪੂਰੇ ਤਾਮ ਝਾਮ ਨਾਲ ਫੋਟੋਆਂ ਖਿਚਵਾ ਕੇ ਚਲਾ ਜਾਂਦਾ ਹੈ।
-ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਔਖੀ ਘੜੀ ਵਿੱਚ ਹਲਕੇ ਨਾਲ ਚਟਾਨ ਵਾਂਗ ਖੜ੍ਹੇ
ਸੁਲਤਾਨਪੁਰ ਲੋਧੀ ਤੋਂ ਅਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਹੜ੍ਹ ਆਏ ਹਨ ਤਾਂ ਉਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਚਟਾਨ ਵਾਂਗ ਖੜੇ ਹਨ। ਉਹਨਾਂ ਦੀ ਬੰਨ੍ਹ ਮਜਬੂਤ ਕਰਨ ਵਿੱਚ ਸਹਾਇਤਾ ਕਰ ਰਹੇ ਹਨ ਅਤੇ ਉਹਨਾਂ ਦੀ ਆਵਾਜ਼ ਵੀ ਵਿਧਾਨ ਸਭਾ ਵਿੱਚ ਵੀ ਚੱਕ ਰਹੇ ਹਨ ।ਉਹਨਾਂ ਵੱਲੋਂ ਆਪਣੇ ਪੱਧਰ ਤੇ ਕਿਸਾਨਾਂ ਨੂੰ ਡੀਜਲ , ਜੇਸੀਬੀ ਮਸ਼ੀਨਾਂ ਅਤੇ ਹੋਰ ਜਰੂਰੀ ਸਮਾਨ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਉਹ ਖੁਦ ਵੀ ਸੇਵਾ ਵਿੱਚ ਹਿੱਸਾ ਪਾ ਰਹੇ ਹਨ । ਉਹਨਾਂ ਵੱਲੋਂ ਸੰਤ ਮਹਾਂਪੁਰਸ਼ਾਂ ਦਾ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਅੱਜ ਹੜ ਦੀ ਮਾਰ ਨਾਲ ਢਹਿ ਢੇਰੀ ਹੋਏ ਘਰ ਦੇ ਮਾਲਕ ਪੀੜਤ ਕਿਸਾਨ ਬਲਜੀਤ ਸਿੰਘ ਤੇ ਬਲਵਿੰਦਰ ਸਿੰਘ ਪੁੱਤਰ ਪਿਸ਼ਾਵਰ ਸਿੰਘ ਰਾਮਪੁਰ ਗੋਰਾ ਦੇ ਨਾਲ ਮੁਲਾਕਾਤ ਦੌਰਾਨ ਉਨਾਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ ਪਰ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਹਮੇਸ਼ਾਂ ਖੜਾ ਹਾਂ ਖੜਾ ਰਹਾਂਗਾ। ਉਹਨਾਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੋੜ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ। ਮੈਂ ਉਹਨਾਂ ਦੀ ਸੇਵਾ ਵਿੱਚ 24 ਘੰਟੇ ਮੌਜੂਦ ਹਾਂ।