ਆਖਰ ਨਸ਼ਿਆਂ ਦੇ ਦੈਂਤ ਨੇ ਇਕ ਮਾਂ ਦਾ ਪੰਜਵਾਂ ਪੁੱਤ ਵੀ ਨਿਗਲ ਲਿਆ । ਮੁਹੱਲਾ ਪਡੋਰੀ ਵਿੱਚ ਨਸ਼ਿਆਂ ਦੇ ਵਗ ਰਹੇ ਦਰਿਆ ਕਾਰਨ ਇੱਕ ਮਾਂ ਵੱਲੋਂ ਪਹਿਲਾਂ ਚਾਰ ਪੁੱਤ ਵਹਾਉਣ ਤੋਂ ਬਾਅਦ ਬਚੀ ਹੋਈ ਇੱਕ ਉਮੀਦ ਦੀ ਕਿਰਨ ਉਸਦੇ ਪੰਜਵੇਂ ਪੁੱਤ ਨੂੰ ਵੀ ਰੋੜ ਕੇ ਲੈ ਗਈ ।

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਆਖਰ ਨਸ਼ਿਆਂ ਦੇ ਦੈਂਤ ਨੇ ਇਕ ਮਾਂ ਦਾ ਪੰਜਵਾਂ ਪੁੱਤ ਵੀ ਨਿਗਲ ਲਿਆ । ਮੁਹੱਲਾ ਪਡੋਰੀ ਵਿੱਚ ਨਸ਼ਿਆਂ ਦੇ ਵਗ ਰਹੇ ਦਰਿਆ ਕਾਰਨ ਇੱਕ ਮਾਂ ਵੱਲੋਂ ਪਹਿਲਾਂ ਚਾਰ ਪੁੱਤ ਵਹਾਉਣ ਤੋਂ ਬਾਅਦ ਬਚੀ ਹੋਈ ਇੱਕ ਉਮੀਦ ਦੀ ਕਿਰਨ ਉਸਦੇ ਪੰਜਵੇਂ ਪੁੱਤ ਨੂੰ ਵੀ ਰੋੜ ਕੇ ਲੈ ਗਈ । ਪੰਜਾਬ ਸਰਕਾਰ ਨੂੰ ਲਗਾਈ ਗੁਹਾਰ ਤੋਂ ਬਾਅਦ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੀਂਦ ਤੋਂ ਜਾਗਿਆ ਤੇ ਪੰਜਵੇਂ ਪੁੱਤਰ ਨੂੰ ਪਹਿਲਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਤੇ ਫਿਰ ਹਾਲਤ ਗੰਭੀਰ ਹੋਣ ਤੇ ਉਸਨੂੰ ਗੁਰੂ ਨਾਨਕ ਮੈਡੀਕਲ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਿੱਥੇ ਸ਼ਾਮ ਨੂੰ ਉਹ ਵੀ ਦਮ ਤੋੜ ਗਿਆ । ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਘਰ ਵਿੱਚ ਚੀਕ ਚਿਹਾੜਾ ਮੱਚ ਗਿਆ ਤੇ ਪੂਰੇ ਮੁਹੱਲੇ ਵਿੱਚ ਮਾਤਮ ਫੈਲ ਗਿਆ। ਮਾਂ ਦੇ ਰੋਂਦੀ ਦੇ ਵਿਰਲਾਪ ਨੇ ਕੰਧਾ ਵੀ ਹਿਲਾ ਦਿੱਤੀਆਂ ।
ਹੁਣ ਦੱਸੇ ਐਸਐਸਪੀ ਕਿਵੇਂ ਹੋਈ ਪੰਜਵੇਂ ਪੁੱਤ ਦੀ ਮੌਤ
ਚਾਰ ਪੁੱਤਰ ਨਸ਼ਿਆਂ ਦੀ ਦਲਦਲ ਵਿੱਚ ਗਵਾ ਦੇਣ ਉਪਰੰਤ ਐਸਐਸਪੀ ਕਪੂਰਥਲਾ ਵੱਲੋਂ ਪ੍ਰੈਸ ਨੂੰ ਦਿੱਤੇ ਬਿਆਨ ਵਿੱਚ ਕੀ ਉਸ ਦੇ ਚਾਰ ਪੁੱਤਰਾਂ ਦੀ ਮੌਤ ਦੇ ਵੱਖ-ਵੱਖ ਕਾਰਨ ਸਨ ਤੋਂ ਗੁੱਸੇ ਵਿੱਚ ਮਾਤਾ ਨੇ ਕਿਹਾ ਕਿ ਮੈਨੂੰ ਕੀ ਲੋੜ ਹੈ ਝੂਠ ਬੋਲਣ ਦੀ ਕਿ ਮੇਰੇ ਪੁੱਤਰਾਂ ਦੀ ਮੌਤ ਨਸ਼ੇ ਦੇ ਕਾਰਨ ਹੋਈ ਹੈ ਉਸ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਆਪਣੇ ਜਿਗਰ ਤੇ ਕਿਵੇਂ ਪੁੱਤਾਂ ਦੀ ਮੌਤ ਦਾ ਸੰਤਾਪ ਹੰਡਾਇਆ ਹੈ ਤੇ ਹੁਣ ਪੁਲਿਸ ਇਸ ਤੇ ਆਪਣੀ ਗਲਤੀ ਦਾ ਪਰਦਾ ਪਾ ਕੇ ਸਰਾਸਰ ਝੂਠ ਬੋਲ ਰਹੀ ਹੈ।
ਉਸਨੇ ਕਿਹਾ ਕਿ ਜਿਸ ਪੁੱਤਰ ਦੀ ਅੱਗ ਨਾਲ ਸੜ ਕੇ ਮੌਤ ਹੋਣ ਦੀ ਗੱਲ ਐਸ ਐਸ ਪੀ ਕਰਦੇ ਹਨ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੌਤ ਉਸਦੀ ਸੜਨ ਕਾਰਨ ਹੀ ਹੋਈ ਹੈ ਪ੍ਰੰਤੂ ਰਾਤ ਨੂੰ ਨਸ਼ੇ ਦਾ ਓਵਰਡੋਜ਼ ਸੇਵਨ ਕਰਨ ਉਪਰੰਤ ਬੀੜੀ ਪੀਂਦੇ ਹੋਏ ਉਸਦੇ ਬੈਡ ਨੂੰ ਅੱਗ ਲੱਗ ਗਈ । ਜਿਸ ਪੁੱਤਰ ਦੀ ਜ਼ੇਲ੍ਹ ਵਿੱਚ ਹੋਈ ਮੌਤ ਦਾ ਕਾਰਨ ਦੱਸਿਆ ਗਿਆ ਉਹ ਮੇਰੇ ਪੁੱਤਰ ਨੂੰ ਪੰਜਾਬ ਪੁਲਿਸ ਦਾ ਹੀ ਇੱਕ ਮੁਲਜ਼ਮ ਤੋਤੀ ਤੋਂ ਨਸ਼ੇ ਲੈਣ ਲਈ ਮੋਟਰਸਾਈਕਲ ਤੇ ਲੈ ਕੇ ਜਾ ਰਿਹਾ ਸੀ ਜਿੱਥੇ ਫੜੇ ਜਾਣ ਤੇ ਪੁਲਿਸ ਨੇ ਆਪਣਾ ਮੁਲਾਜ਼ਮ ਤਾਂ ਛੱਡ ਦਿੱਤਾ ਪਰੰਤੂ ਮੇਰੇ ਪੁੱਤਰ ਤੇ ਨਸ਼ੇ ਦਾ ਕੇਸ ਪਾ ਕੇ ਉਸਨੂੰ ਜੇਲ ਵਿੱਚ ਸੁੱਟ ਦਿੱਤਾ। ਕੀ ਕਸੂਰ ਸੀ ਮੇਰਾ, ਮੇਰੇ ਵੱਲੋਂ ਪੈਸੇ ਨਾ ਦਿੱਤੇ ਜਾਣ ਤੇ ਉਸ ਦੀ ਜ਼ੇਲ੍ਹ ਵਿੱਚ ਮੌਤ ਹੋ ਗਈ।
ਰੋਂਦੀ ਹੋਈ ਮਾਂ ਨੇ ਕਿਹਾ ਕਿ ਜਿਸ ਦੇ ਘਰ ਅੱਗ ਲੱਗੀ ਹੋਵੇ ਉਸ ਦਾ ਸੇਕ ਉਸ ਘਰ ਨੂੰ ਹੀ ਪਤਾ ਹੁੰਦਾ ਹੈ। ਉਹਨਾਂ ਕਿਹਾ ਕਿ ਪੁਲਿਸ ਨਾਲ ਮੈਂ ਸਹਿਯੋਗ ਕਰਨਾ ਚਾਹੁੰਦੀ ਹਾਂ ਪਰੰਤੂ ਅਜਿਹੇ ਝੂਠੇ ਤੇ ਗਲਤ ਬਿਆਨ ਦੇ ਕੇ ਕੀ ਪੁਲਿਸ ਆਪਣੇ ਆਪ ਨੂੰ ਸੱਚ ਸਾਬਤ ਕਰਨਾ ਚਾਹੁੰਦੀ ਹੈ। ਉਨਾ ਕਿਹਾ ਕਿ ਇਹ ਠੀਕ ਹੈ ਕਿ ਮੈਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਪ੍ਰੰਤੂ ਮੈਂ ਹੁਣ ਚੁੱਪ ਨਹੀਂ ਬੈਠਾਂਗੀ । ਉਸਨੇ ਕਿਹਾ ਕਿ ਮੈਂ ਤਾਂ ਆਪਣੇ ਪੰਜ ਪੁੱਤ ਗਵਾ ਦਿੱਤੇ ਹਨ ਤੇ ਜੇ ਪੁਲਿਸ ਕਿਸੇ ਹੋਰ ਦਾ ਪੁੱਤ ਬਚਾ ਸਕਦੀ ਤਾਂ ਬਚਾਵੇ ਨਹੀਂ ਤਾਂ ਪੂਰੀ ਜਨਤਾ ਦੇ ਸਾਹਮਣੇ ਉਹ ਸਾਰਾ ਕੁਝ ਬਿਆਨ ਕਰੇਗੀ । ਰੋਂਦੀ ਮਾਤਾ ਵਾਰ ਵਾਰ ਵਿਰਲਾਪ ਕਰਦਿਆਂ ਬੇਹੋਸ਼ ਹੋਈ ਜਾ ਰਹੀ ਸੀ ਜਿਸ ਦਾ ਦੁੱਖ ਵੇਖ ਕੇ ਹਰੇਕ ਦਾ ਕਲੇਜਾ ਕੰਬ ਗਿਆ ।