ਡਾ. ਸਰਬਜੀਤ ਕੌਰ ਨੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ
ਡਾਕਟਰ ਸਰਬਜੀਤ ਕੌਰ ਨੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ
Publish Date: Sat, 21 Feb 2026 09:40 PM (IST)
Updated Date: Sat, 21 Feb 2026 09:42 PM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਪਿਛਲੇ ਦਿਨੀਂ ਜਦੋਂ ਡਾਕਟਰ ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ (ਬੇਗੋਵਾਲ) ਦੀ ਨੂੰਹ ਡਾ. ਸਰਬਜੀਤ ਕੌਰ ਨੇ ਦੇਸ਼ ਭਗਤ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਤਾਂ ਪਰਿਵਾਰ ਤੇ ਬਰਾਦਰੀ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਕਿਉਂਕਿ ਇਸ ਪ੍ਰਾਪਤੀ ਨਾਲ ਉਨ੍ਹਾਂ ਦਾ ਪਰਿਵਾਰ ਲੁਬਾਣਾ ਬਰਾਦਰੀ ਦੇ ਉਨ੍ਹਾਂ ਵਿਰਲੇ ਪਰਿਵਾਰਾਂ ਵਿਚ ਸ਼ਾਮਲ ਹੋ ਗਿਆ ਹੈ, ਜਿਨਾਂ ਦੇ ਪਰਿਵਾਰ ਵਿਚ ਤਿੰਨ ਜੀਆਂ ਕੋਲ ਪੀਐੱਚਡੀ ਦੀਆਂ ਡਿਗਰੀਆਂ ਹਨ। ਡਾ. ਸਰਬਜੀਤ ਕੌਰ ਦੇ ਪਤੀ ਡਾ. ਕਮਲਜੀਤ ਸਿੰਘ ਪਹਿਲਾਂ ਹੀ ਪੀਐੱਚਡੀ ਹਨ। ਉਨ੍ਹਾਂ ਦੇ ਪ੍ਰੇਰਣਾਸਰੋਤ ਉਨ੍ਹਾਂ ਦੇ ਪਿਤਾ ਡਾ. ਜਸਵੰਤ ਸਿੰਘ ਹਨ, ਜਿਨ੍ਹਾਂ ਨੇ 1999 ਵਿਚ ਲੁਬਾਣਾ ਬਰਾਦਰੀ ਦੇ ਆਰਥਿਕ ਤੇ ਰਾਜਨੀਤਕ ਇਤਿਹਾਸ (1849-1947) ’ਤੇ ਥੀਸਸ ਲਿਖਿਆ ਜਦੋਂਕਿ ਉਨ੍ਹਾਂ ਦੇ ਬੇਟੇ ਨੇ ਇਸੇ ਥੀਸਸ ਨੂੰ ਅੱਗੇ ਵਧਾਉਂਦਿਆਂ 1947 ਤੋਂ 2001 ਤੱਕ ਕਵਰ ਕੀਤਾ। ਡਾ. ਜਸਵੰਤ ਸਿੰਘ ਦੇ ਥੀਸਸ ਦਾ ਪੁਸਤਕ-ਰੂਪ ਪ੍ਰਕਾਸ਼ ਸਿੰਘ ਬਾਦਲ ਹੁਰਾਂ ਰਿਲੀਜ਼ ਕੀਤਾ ਤੇ ਇਸ ਪੁਸਤਕ ਦੀ ਸਿਫ਼ਤ ਉੱਘੇ ਜਰਨਲਿਸਟ ਖੁਸ਼ਵੰਤ ਸਿੰਘ ਨੇ ਆਪਣੇ ਕਾਲਮ ਵਿਚ ਕੀਤੀ। ਪ੍ਰੋਫੈਸਰ ਜਸਵੰਤ ਸਿੰਘ ਸਰਕਾਰੀ ਕਾਲਜ ਵਿਚੋਂ ਕਾਰਜਕਾਰੀ ਪ੍ਰਿੰਸੀਪਲ ਦੇ ਤੌਰ ’ਤੇ ਰਿਟਾਇਰ ਹੋਏ ਜਦੋਂਕਿ ਡਾ. ਕਮਲਜੀਤ ਸਿੰਘ ਤੇ ਡਾ. ਸਰਬਜੀਤ ਕੌਰ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਬਤੌਰ ਪ੍ਰਾ-ਅਧਿਆਪਕ ਸੇਵਾਵਾਂ ਨਿਭਾ ਰਹੇ ਹਨ। ਇਲਾਕੇ ਦੇ ਉੱਘੇ ਸਿੱਖਿਆ ਸ਼ਾਸਤਰੀ ਡਾ. ਆਸਾ ਸਿੰਘ ਘੁੰਮਣ ਨੇ ਪਰਿਵਾਰ ਨੂੰ ਮੁਬਾਰਕ ਦਿੰਦਿਆ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਮਿਹਨਤ ਕਰ ਕੇ ਪੰਜਾਬ ਵਿਚ ਵੀ ਆਪਣੀ ਸਨਮਾਨਯੋਗ ਜਗ੍ਹਾ ਬਣਾਈ ਜਾ ਸਕਦੀ ਹੈ।