ਡਾ. ਚੱਬੇਵਾਲ ਨੂੰ ਹਲਕਾ ਇੰਚਾਰਜ ਬਣਾਏ ਜਾਣ ਨਾਲ ਸਮਰਥਕ ਖੁਸ਼
ਡਾ. ਰਾਜਕੁਮਾਰ ਚੱਬੇਵਾਲ ਨੂੰ ਫਗਵਾੜਾ ਹਲਕਾ ਇੰਚਾਰਜ ਬਣਾਏ ਜਾਣ ਨਾਲ ਸਮਰਥਕਾਂ ‘ਚ ਖੁਸ਼ੀ ਦੀ ਲਹਿਰ
Publish Date: Fri, 22 May 2026 09:31 PM (IST)
Updated Date: Fri, 22 May 2026 09:34 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਵੱਲੋਂ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੂੰ ਵਿਧਾਨ ਸਭਾ ਹਲਕਾ ਫਗਵਾੜਾ ਦਾ ਇੰਚਾਰਜ ਐਲਾਨੇ ਜਾਣ ਨਾਲ ਪਾਰਟੀ ਵਰਕਰਾਂ ਤੇ ਚੱਬੇਵਾਲ ਦੇ ਸਮਰਥਕਾਂ ‘ਚ ਅੱਜ ਖੁਸ਼ੀ ਦੀ ਲਹਿਰ ਦੌੜ ਗਈ। ਆਪ ਆਗੂਆਂ, ਕੌਂਸਲਰਾਂ ਤੇ ਵਰਕਰਾਂ ਨੇ ਗੁਰੂ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ਦੇ ਬਾਹਰ ਲੱਡੂ ਵੰਡੇ, ਭੰਗੜੇ ਪਾਏ ਤੇ ਫਗਵਾੜਾ ‘ਚ ਡਾ. ਚੱਬੇਵਾਲ ਦੇ ਰਾਈਟ ਹੈਂਡ ਮੰਨੇ ਜਾਂਦੇ ਦਲਜੀਤ ਰਾਜੂ ਦਰਵੇਸ਼ ਪਿੰਡ ਨੂੰ ਵਧਾਈਆਂ ਦਿੱਤੀ। ਇਸ ਮੌਕੇ ਦਲਜੀਤ ਰਾਜੂ ਨੇ ਕਿਹਾ ਕਿ ਪਾਰਟੀ ਨੇ ਜੇਕਰ ਅਗਲੀਆਂ ਵਿਧਾਨਸਭਾ ਚੋਣਾਂ ‘ਚ ਫਗਵਾੜਾ ਸੀਟ ’ਤੇ ਕਬਜ਼ਾ ਕਰਨਾ ਹੈ ਤਾਂ ਡਾ. ਚੱਬੇਵਾਲ ਵਰਗੇ ਤਜਰਬੇਕਾਰ, ਮਿਹਨਤੀ ਤੇ ਲੋਕਾਂ ਨਾਲ ਜੁੜੇ ਹੋਏ ਆਗੂ ਨੂੰ ਇਹ ਜ਼ਿੰਮੇਵਾਰੀ ਮਿਲਣੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਨੇ ਹਮੇਸ਼ਾ ਫਗਵਾੜਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹਲ ਕੀਤਾ ਹੈ ਤੇ ਇਲਾਕੇ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਕਾਰਗੁਜ਼ਾਰੀ ਤੇ ਲੋਕਪ੍ਰਿਯਤਾ ਨੂੰ ਦੇਖਦਿਆਂ ਹੀ ਪਾਰਟੀ ਨੇ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਡਾ. ਚੱਬੇਵਾਲ ਦੀ ਅਗਵਾਈ ਹੇਠ ਫਗਵਾੜਾ ਵਿਚ ਪਾਰਟੀ ਨੂੰ ਨਵੀਂ ਮਜ਼ਬੂਤੀ ਮਿਲੇਗੀ ਤੇ ਆਮ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਤੀ ਹਮੇਸ਼ਾ ਆਮ ਲੋਕਾਂ ਦੀ ਭਲਾਈ ਤੇ ਇਮਾਨਦਾਰ ਰਾਜਨੀਤੀ ‘ਤੇ ਅਧਾਰਿਤ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿਚ ਲਏ ਜਾ ਰਹੇ ਫੈਸਲਿਆਂ ਕਾਰਨ ਲੋਕਾਂ ਦਾ ਵਿਸ਼ਵਾਸ ਪਾਰਟੀ ਪ੍ਰਤੀ ਲਗਾਤਾਰ ਵੱਧ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਸ਼ਹਿਰ ਦੇ ਨਗਰ ਕੌਂਸਲਰਾਂ ਨੇ ਵੀ ਕਿਹਾ ਕਿ ਫਗਵਾੜਾ ਹਲਕੇ ਦੇ ਸਮੂਹ ਵਰਕਰ ਤੇ ਆਗੂ ਡਾ. ਚੱਬੇਵਾਲ ਦੀ ਅਗਵਾਈ ਹੇਠ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਦਿਨ-ਰਾਤ ਕੰਮ ਕਰਨਗੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਡਾ. ਚੱਬੇਵਾਲ ਦੀ ਰਹਿਨੁਮਾਈ ਹੇਠ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਫਗਵਾੜਾ ਹਲਕੇ ਤੋਂ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਤੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੇਗੀ। ਇਸ ਮੌਕੇ ਵਰੁਣ ਬੰਗੜ ਸਰਪੰਚ ਚੱਕ ਹਕੀਮ, ਕੌਂਸਲਰ ਹਰਪ੍ਰੀਤ ਸਿੰਘ ਭੋਗਲ, ਬਲਬੀਰ ਠਾਕੁਰ, ਸਮਰ ਗੁਪਤਾ, ਹਰਮੇਸ਼ ਪਾਠਕ, ਕੌਂਸਲਰ ਪਰਮਜੀਤ ਖੁਰਾਣਾ, ਸੌਰਵ ਹਾਂਡਾ, ਨਰੇਸ਼ ਸ਼ਰਮਾ, ਸੋਨੂੰ ਪਹਿਲਵਾਨ, ਧਰਮਵੀਰ ਸੇਠੀ, ਸਨੀ ਬੱਤਾ, ਗੋਰਾ ਹਰਦਾਸਪੁਰ, ਰਜਤ ਭਨੋਟ ਸਰਪੰਚ ਭੁੱਲਾਰਾਈ, ਰਿੰਪਲ ਕੁਮਾਰ ਸਰਪੰਚ ਵਜੀਦੋਵਾਲ, ਗੋਪੀ ਬੇਦੀ, ਮਨਜੀਤ ਸਿੰਘ, ਬਿੰਦਰ ਰਾਮਪੁਰ ਸੁੰਨੜਾ, ਜਿੰਦਰ, ਰਘਬੀਰ ਕੌਰ, ਮਨਜੀਤ ਕੌਰ ਪਲਾਹੀ ਗੇਟ, ਹਰਪ੍ਰੀਤ ਕੌਰ, ਅਮਨਦੀਪ ਸੋਢੀ, ਜੋਤੀ ਬੀੜ ਪੁਆਦ, ਕੌਂਸਲਰ ਰਵਿੰਦਰ ਰਵੀ, ਰਾਜੀ ਪਲਾਹੀ ਗੇਟ ਤੇ ਬੋਬੀ ਚਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਡਾ. ਰਾਜਕੁਮਾਰ ਦੇ ਸਮਰਥਕ ਹਾਜ਼ਰ ਸਨ।