ਹੱਡੀਆਂ ਅਤੇ ਜੋੜਾਂ ਦੇ ਦਰਦ ਨੂੰ ਅਣਗੌਲਿਆਂ ਨਾ ਕਰੋ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਅੱਜਕੱਲ੍ਹ ਦੀ ਦੌੜ-ਭੱਜ ਭਰੀ ਜ਼ਿੰਦਗੀ ਵਿਚ ਲੋਕ ਆਪਣੇ ਕੰਮਕਾਜ ਤੇ ਜ਼ਿੰਮੇਵਾਰੀਆਂ ਵਿਚ ਇੰਨੇ ਰੁੱਝ ਗਏ ਹਨ ਕਿ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ। ਖ਼ਾਸ ਕਰਕੇ ਹੱਡੀਆਂ ਤੇ ਜੋੜਾਂ ਦੇ ਦਰਦ ਨੂੰ ਅਕਸਰ ਆਮ ਗੱਲ ਸਮਝ ਕੇ ਅਣਡਿੱਠਾ ਕਰ ਦਿੱਤਾ ਜਾਂਦਾ ਹੈ ਪਰ ਪਰਹਾਰ ਹਸਪਤਾਲ ਦੇ ਡਾ. ਰੋਹਨ ਪਰਹਾਰ ਅਨੁਸਾਰ ਇਹ ਲਾਪਰਵਾਹੀ ਭਵਿੱਖ ਵਿਚ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਨੇ ਹੱਡੀਆਂ ਤੇ ਜੋੜਾ ਦੇ ਦਰਦ ਨੂੰ ਸ਼ੁਰੂ ਹੁੰਦੇ ਸਾਰ ਇਲਾਜ ਨਾਲ ਠੀਕ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਹੱਡੀਆਂ ਅਤੇ ਜੋੜਾਂ ਦੇ ਦਰਦ ਨੂੰ ਕਦੇ ਵੀ ਅਣਗੌਲਿਆਂ ਨਹੀ ਕਰਨਾ ਚਾਹੀਦਾ। ਪਹਿਲਾਂ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਨੂੰ ਵੱਡੀ ਉਮਰ ਨਾਲ ਜੋੜਿਆ ਜਾਂਦਾ ਸੀ, ਪਰ ਹੁਣ ਨੌਜਵਾਨ ਵਰਗ ਵੀ ਇਸ ਤੋਂ ਅਛੂਤਾ ਨਹੀਂ। ਗਲਤ ਖੁਰਾਕ, ਕਸਰਤ ਦੀ ਘਾਟ, ਵੱਧ ਵਜ਼ਨ, ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨਾ ਤੇ ਧੁੱਪ ਦੀ ਕਮੀ ਇਸ ਦੇ ਮੁੱਖ ਕਾਰਨ ਹਨ। ਘਰ-ਘਰ ਵਿਚ ਕਮਰ ਦਰਦ, ਗੋਡੇ ਦਾ ਦਰਦ ਤੇ ਮੋਢਿਆਂ ਦੀ ਪੀੜ ਦੀ ਸ਼ਿਕਾਇਤ ਆਮ ਹੋ ਗਈ ਹੈ।
ਜੇ ਹੇਠ ਲਿਖੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਲਾਹ ਲਓ
ਸਵੇਰੇ ਉੱਠਣ ਸਮੇਂ ਜੋੜਾਂ ’ਚ ਜਕੜਨ
ਗੋਡੇ ਜਾਂ ਕਮਰ ’ਚ ਲਗਾਤਾਰ ਦਰਦ
ਸੋਜ਼ਿਸ਼ ਜਾਂ ਲਾਲੀ
ਤੁਰਨ-ਫਿਰਨ ’ਚ ਮੁਸ਼ਕਿਲ
ਹੱਡੀਆਂ ’ਚ ਕਮਜ਼ੋਰੀ ਜਾਂ ਜਲਦੀ ਥਕਾਵਟ
ਇਹ ਲੱਛਣ ਕੈਲਸ਼ੀਅਮ ਦੀ ਕਮੀ, ਵਿਟਾਮਿਨ ਡੀ ਦੀ ਘਾਟ, ਗਠੀਆ ਜਾਂ ਹੱਡੀਆਂ ਦੀ ਕਮਜ਼ੋਰੀ ਵੱਲ ਇਸ਼ਾਰਾ ਕਰ ਸਕਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਸਮੇਂ-ਸਮੇਂ ’ਤੇ ਸਰੀਰ ਦੀ ਆਮ ਜਾਂਚ ਕਰਵਾਉਣੀ ਚਾਹੀਦੀ ਹੈ। ਖੂਨ ਦੀ ਜਾਂਚ ਰਾਹੀਂ ਕੈਲਸ਼ੀਅਮ ਤੇ ਵਿਟਾਮਿਨ ਡੀ ਦੇ ਪੱਧਰ ਦੀ ਜਾਂਚ ਹੋ ਸਕਦੀ ਹੈ। ਜੇ ਦਰਦ ਲੰਬੇ ਸਮੇਂ ਤੱਕ ਰਹੇ ਤਾਂ ਐਕਸ-ਰੇ ਜਾਂ ਹੋਰ ਸਕੈਨਿੰਗ ਟੈਸਟ ਕਰਵਾ ਕੇ ਹੱਡੀਆਂ ਦੀ ਹਾਲਤ ਦਾ ਪਤਾ ਲਗਾਇਆ ਜਾ ਸਕਦਾ ਹੈ। ਸ਼ੁਰੂਆਤੀ ਪੜਾਅ ‘ਤੇ ਬਿਮਾਰੀ ਦੀ ਪਛਾਣ ਹੋਣ ਨਾਲ ਇਲਾਜ ਸੌਖਾ ਤੇ ਸਸਤਾ ਹੁੰਦਾ ਹੈ।
ਜੀਵਨਸ਼ੈਲੀ ਵਿਚ ਬਦਲਾਅ ਲਿਆਓ
1. ਪੋਸ਼ਟਿਕ ਖੁਰਾਕ : ਦੁੱਧ, ਦਹੀਂ, ਪਨੀਰ, ਤਿਲ, ਬਾਦਾਮ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਨਾਲ ਕੈਲਸ਼ੀਅਮ ਮਿਲਦਾ ਹੈ।
2. ਧੁੱਪ ਦਾ ਸੇਵਨ : ਹਰ ਰੋਜ਼ 15–20 ਮਿੰਟ ਸਵੇਰੇ ਦੀ ਧੁੱਪ ਲੈਣੀ ਲਾਭਦਾਇਕ ਹੈ।
3. ਨਿਯਮਿਤ ਕਸਰਤ : ਤੇਜ਼ ਚੱਲਣਾ, ਯੋਗਾ ਤੇ ਹਲਕੀ ਵਰਜ਼ਿਸ਼ ਜੋੜਾਂ ਨੂੰ ਲਚਕੀਲਾ ਤੇ ਮਜ਼ਬੂਤ ਬਣਾਉਂਦੀ ਹੈ।
4. ਵਜ਼ਨ ਸੰਤੁਲਿਤ ਰੱਖੋ : ਵੱਧ ਵਜ਼ਨ ਗੋਡਿਆਂ ‘ਤੇ ਫਾਲਤੂ ਦਬਾਅ ਪਾਂਦਾ ਹੈ।
5. ਗਲਤ ਆਦਤਾਂ ਤੋਂ ਦੂਰ ਰਹੋ: ਸਿਗਰਟਨੋਸ਼ੀ ਅਤੇ ਸ਼ਰਾਬ ਹੱਡੀਆਂ ਨੂੰ ਕਮਜ਼ੋਰ ਕਰ ਸਕਦੀਆਂ ਹਨ।
ਔਰਤਾਂ ਲਈ ਖਾਸ ਸਾਵਧਾਨੀ
ਔਰਤਾਂ ਵਿਚ ਹਾਰਮੋਨਲ ਬਦਲਾਅ ਕਾਰਨ ਹੱਡੀਆਂ ਦੀ ਕਮਜ਼ੋਰੀ ਦਾ ਖਤਰਾ ਵਧ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਖਾਸ ਤੌਰ ‘ਤੇ ਪੋਸ਼ਟਿਕ ਆਹਾਰ ਤੇ ਸਮੇਂ-ਸਿਰ ਜਾਂਚ ਵੱਲ ਧਿਆਨ ਦੇਣਾ ਚਾਹੀਦਾ ਹੈ। ਹੱਡੀਆਂ ਸਾਡੇ ਸਰੀਰ ਦੀ ਮਜ਼ਬੂਤ ਨੀਂਹ ਹਨ। ਜੇ ਇਹ ਮਜ਼ਬੂਤ ਰਹਿਣਗੀਆਂ ਤਾਂ ਸਰੀਰ ਤੰਦਰੁਸਤ ਤੇ ਸਰਗਰਮ ਰਹੇਗਾ। ਇਸ ਲਈ ਹੱਡੀਆਂ ਤੇ ਜੋੜਾਂ ਦੇ ਦਰਦ ਨੂੰ ਕਦੇ ਵੀ ਅਣਗੌਲਿਆਂ ਨਾ ਕਰੋ। ਸਮੇਂ-ਸਿਰ ਜਾਂਚ, ਸਹੀ ਇਲਾਜ ਤੇ ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਅਸੀਂ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹਾਂ ਅਤੇ ਸੁਖੀ ਜੀਵਨ ਬਤੀਤ ਕਰ ਸਕਦੇ ਹਾਂ।