ਦਿਵਿਆਂਗ ਐਕਸ਼ਨ ਕਮੇਟੀ ਨੇ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ
ਦਿਿਵਆਂਗ ਐਕਸ਼ਨ ਕਮੇਟੀ ਨੇ ਐੱਸ ਡੀ ਐਮ ਫਗਵਾੜਾ ਨਾਲ ਕੀਤੀ ਮੀਟਿੰਗ
Publish Date: Tue, 19 May 2026 06:45 PM (IST)
Updated Date: Tue, 19 May 2026 06:46 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅੱਜ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਇਕਾਈ ਫਗਵਾੜਾ ਦੇ ਇਕ ਵਫ਼ਦ ਨੇ ਮਾਣਯੋਗ ਐੱਸਡੀਐੱਮ ਰਣਦੀਪ ਸਿੰਘ ਫਗਵਾੜਾ ਨੂੰ ਮਿਲਕੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਪਲਵਿੰਦਰ ਪਿੰਦਾ, ਸਰਬਜੀਤ ਸਿੰਘ ਲਾਟੂ ਦਿਹਾਤੀ ਪ੍ਰਧਾਨ ਫਗਵਾੜਾ, ਭਾਰਤ ਭੂਸ਼ਨ ਸ਼ਹਿਰੀ ਪ੍ਰਧਾਨ ਤੇ ਮੈਂਬਰ ਪੰਚਾਇਤ ਜਸਵਿੰਦਰ ਢੱਡਾ ਨੇ ਦੱਸਿਆ ਕਿ ਹਲਕਾ ਫਗਵਾੜਾ ਅਧੀਨ ਬਹੁਤ ਸਾਰੇ ਦਿਵਿਆਂਗ ਵਿਅਕਤੀਆਂ ਦੇ ਯੂਡੀ ਆਈਡੀ ਕਾਰਡ ਗਲਤ ਬਣਾਏ ਗਏ ਹਨ, ਜਿਸ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੀ ਮਾਨ ਨੂੰ ਵੀ ਉਨ੍ਹਾਂ ਦੇ ਗ੍ਰਹਿ ਵਿਖੇ ਦਿਵਿਆਂਗ ਵਿਅਕਤੀਆਂ ਨੇ ਲਿਖਤੀ ਮੰਗ ਪੱਤਰ ਸੌਂਪਿਆ ਸੀ। ਇਸ ਤੋਂ ਇਲਾਵਾ ਸਮਾਰਟ ਰਾਸ਼ਨ ਕਾਰਡ ਕੱਟੇ ਜਾਣ ਬਾਰੇ ਵੀ ਦਸਿਆ ਸੀ। ਹਰਜੀ ਮਾਨ ਨੇ ਵਫ਼ਦ ਨੂੰ ਲੋੜਵੰਦ ਵਿਅਕਤੀਆਂ ਦੀਆਂ ਲਿਸਟਾਂ ਬਣਾ ਕੇ ਦੇਣ ਲਈ ਕਿਹਾ ਸੀ, ਜਿਸ ਸਬੰਧੀ ਅੱਜ ਐੱਸਡੀਐੱਮ ਫਗਵਾੜਾ ਨੂੰ ਸਿਵਲ ਹਸਪਤਾਲ ਵਿਖੇ ਅਧੂਰੇ ਬਣੇ ਮੈਡੀਕਲ ਸਰਟੀਫਿਕੇਟ ਜਮਾਂ ਕਰਕੇ ਨਵੇਂ ਸੋਧੇ ਮੈਡੀਕਲ ਸਰਟੀਫਿਕੇਟ ਜਾਰੀ ਕਰਨ ਲਈ ਕੈਂਪ ਦਾ ਆਯੋਜਨ ਕਰਨ ਲਈ ਲਿਖਿਆ ਗਿਆ। ਹਾਜ਼ਰ ਆਗੂਆਂ ਨੇ ਅੰਤੋਦਿਆਂ ਅੰਨ ਯੋਜਨਾ ਤਹਿਤ ਦਿਵਿਆਂਗ ਵਿਅਕਤੀਆਂ ਦੇ ਰਾਸ਼ਨ ਕਾਰਡ ਬਣਾਉਣ ਲਈ ਵੀ ਗੱਲਬਾਤ ਕੀਤੀ ਤੇ ਰਾਸ਼ਨ ਕਾਰਡਾਂ ਵਿਚੋਂ ਕੱਟੇ ਗਏ ਦਿਵੁਆਂਗ ਵਿਅਕਤੀਆਂ ਦੇ ਨਾਂ ਜਲਦੀ ਸ਼ਾਮਲ ਕਰਨ ਲਈ ਬੇਨਤੀ ਕੀਤੀ। ਐੱਸਡੀਐੱਮ ਰਣਦੀਪ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਇਕੋ ਦਿਨ ਹੀ ਸਾਰਿਆਂ ਨੂੰ ਬੁਲਾ ਕੇ ਮੈਡੀਕਲ ਸਰਟੀਫਿਕੇਟ ਸੋਧ ਕੇ ਜਾਰੀ ਕਰਵਾ ਦਿੱਤੇ ਜਾਣਗੇ ਤੇ ਕਿਸੇ ਵੀ ਦਿਵਿਆਂਗ ਵਿਅਕਤੀ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜੀਵਨ ਕੁਮਾਰ, ਅਮਰਜੀਤ ਡੁਮੇਲੀ, ਚਮਨ ਲਾਲ ਪਾਂਸਟਾ ਮਨਜੀਤ ਬਰਨਾ, ਮੋਠੂ ਰਾਮ ਸਾਹਨੀ ਤੇ ਜੁਗਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।