ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਕਪੂਰਥਲਾ ਚੌਕ ਜਾਮ ਕਰਨ ਦਾ ਐਲਾਨ
ਿਿਦਵਆਂਗ ਐਕਸ਼ਨ ਕਮੇਟੀ ਵੱਲੋਂ ਕਪੂਰਥਲਾ ਚੌਕ ਜਾਮ ਦਾ ਐਲਾਨ
Publish Date: Tue, 12 May 2026 08:21 PM (IST)
Updated Date: Tue, 12 May 2026 08:24 PM (IST)
ਮਾਮਲਾ ਦਿਵਿਆ ਨੂੰ ਪੈਨਸ਼ਨ ਨਾ ਮਿਲਣ ਦਾ
ਦਫਤਰੀ ਬਾਬੂ ਕਰ ਰਹੇ ਦਿਵਿਆਂਗਾਂ ਨੂੰ ਪਰੇਸ਼ਾਨ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਦਿਵਿਆਂਗ ਵਿਅਕਤੀਆਂ ਨੂੰ ਆਪਣੇ ਹੱਕਾਂ ਲਈ ਦਰ-ਦਰ ਦੀਆਂ ਠੋਕਰਾਂ ਖਾਣ ਦੇ ਬਾਵਜੂਦ ਵੀ ਨਿਆਂ ਨਹੀਂ ਮਿਲਦਾ। ਮੌਜੂਦਾ ਸਰਕਾਰ ਦੀਆਂ ਨੀਤੀਆਂ ਵਿਚ ਦਿਵਿਆਂਗ ਵਰਗ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉੱਧਰ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੇ ਕਪੂਰਥਲਾ ਵਿਭਾਗ ਦੀ ਨਲਾਇਕੀ ਦਾ ਸ਼ਿਕਾਰ ਫਗਵਾੜਾ ਦੀ ਛੋਟੇ ਕੱਦ ਦੀ ਦਿਵਿਆ ਨੂੰ ਵੀ ਹੋਣਾ ਪਿਆ ਹੈ। ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਦਿਵਿਆ ਨੂੰ ਪੈਨਸ਼ਨ ਲਗਵਾਉਣ ਲਈ ਸੁਵਿਧਾ ਕੇਂਦਰ ਵਿਚ ਲੁੜੀਂਦੇ ਕਾਗਜ਼ਾਤ ਜਮ੍ਹਾ ਕਰਵਾਉਣ ਉਪਰੰਤ ਪੈਨਸ਼ਨ ਮੰਨਜ਼ੂਰੀ ਪੱਤਰ ਮਿਲਿਆ, ਜਿਸ ਵਿਚ ਖ਼ਾਤਾ ਨੰਬਰ ਸਮੇਤ ਪੈਨਸ਼ਨ ਦੀ ਮਨਜ਼ੂਰੀ ਸਬੰਧੀ ਸਾਫ ਲਿਖਿਆ ਹੋਇਆ ਸੀ। ਇਸ ਮਹੀਨੇ ਜ਼ਿਲ੍ਹਾ ਕਪੂਰਥਲਾ ਦੀਆਂ ਅੰਗਹੀਣ, ਵਿਧਵਾ, ਬੁੱਢਾਪਾ ਪੈਨਸ਼ਨਾਂ ਸਾਰੀਆਂ ਆ ਗਈਆਂ ਪਰ ਦਿਵਿਆ ਦੀ ਪੈਨਸ਼ਨ ਨਹੀਂ ਆਈ। ਉਕਤ ਸਬੰਧੀ ਜਦੋਂ ਦਫ਼ਤਰ ਪਤਾ ਕੀਤਾ ਤਾਂ ਉਨ੍ਹਾਂ ਪੈਨਸ਼ਨ ਦੁਬਾਰਾ ਅਪਲਾਈ ਕਰਨ ਲਈ ਕਿਹਾ। ਦਿਵਿਆ ਨੂੰ ਉਸੇ ਮਨਜ਼ੂਰੀ ਪੱਤਰ ’ਤੇ ਪੈਨਸ਼ਨ ਦਿਵਾਉਣ ਲਈ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਵੱਲੋਂ ਮਿਤੀ 15 ਮਈ ਦਿਨ ਸ਼ੁੱਕਰਵਾਰ ਨੂੰ ਕਪੂਰਥਲਾ ਚੌਕ ਜਾਮ ਕਰਕੇ ਧਰਨਾ ਲਗਾਇਆ ਜਾਵੇਗਾ। ਇਹ ਧਰਨਾ ਕਸੂਰਵਾਰ ਅਧਿਕਾਰੀਆਂ ਤੇ ਅੰਗਹੀਣ ਭਲਾਈ ਐਕਟ 2016 ਤਹਿਤ ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੇ ਲਾਭਾਂ ਲਈ ਰੁਕਾਵਟ ਪੈਦਾ ਕਰਨ ਲਈ ਬਣਦੀ ਕਾਰਵਾਈ ਕਰਵਾਉਣ ਉਪਰੰਤ ਹੀ ਸਮਾਪਤ ਕੀਤਾ ਜਾਵੇਗਾ। ਸੈਣੀ ਨੇ ਦੱਸਿਆ ਕਿ ਅਸੀਂ ਤਾਂ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਗੇੜੇ ਕੱਢ ਕੇ ਪੈਨਸ਼ਨਾਂ ਮਨਜੂਰ ਕਰਵਾਉਂਦੇ ਹਾਂ ਪ੍ਰੰਤੂ ਏਸੀ ਅੰਦਰ ਬੈਠੇ ਦਫ਼ਤਰੀ ਬਾਬੂਆਂ ਵੱਲੋਂ ਨਵੇਂ ਸਿਰੇ ਤੋਂ ਪੈਨਸ਼ਨ ਫਾਰਮ ਭਰਨ ਦੇ ਫੁਰਮਾਨ ਜਾਰੀ ਕਰ ਦਿੱਤੇ ਜਾਂਦੇ ਹਨ।