ਹਿੰਦੂ ਕੰਨਿਆ ਕਾਲਜ ’ਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਵਿਹੜੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਇਲਾਹੀ ਪਾਠ ਕਰਵਾਇਆ
Publish Date: Fri, 13 Feb 2026 10:04 PM (IST)
Updated Date: Fri, 13 Feb 2026 10:06 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ 10+2 ਦੀਆਂ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਦੀ ਸਫਲਤਾ ਲਈ ਪਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੇ ਆਸ਼ੇ ਨਾਲ ਸ਼੍ਰੀ ਸੁਖਮਨੀ ਸਾਹਿਬ ਦੇ ਇਲਾਹੀ ਪਾਠ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕਰਾਜ ਅਗਰਵਾਲ, ਪ੍ਰਿੰਸੀਪਲ ਡਾ. ਅਰਚਨਾ ਗਰਗ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਸਮੂਹ ਦਫਤਰੀ ਸਟਾਫ, ਦਰਜਾ ਚਾਰ ਕਰਮਚਾਰੀ ਅਤੇ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਬਹੁਤ ਸ਼ਰਧਾ ਨਾਲ ਪਾਠ ਕੀਤਾ। ਸ਼੍ਰੀ ਸੁਖਮਨੀ ਸਾਹਿਬ ਦੇ ਇਲਾਹੀ ਪਾਠ ਤੋਂ ਬਾਅਦ, ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤੇ। ਬਾਣੀ ਤੇ ਕੀਰਤਨ ਰਾਹੀਂ ਸੰਗਤ ਰੂਪੀ ਵਿਦਿਆਰਥੀਆਂ ਨੇ ਆਪਣੇ ਮਨਾਂ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ ਤੇ ਇਕ ਅਲੌਕਿਕ ਮਾਹੌਲ ਸਿਰਜਿਆ। ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਤੇ ਆਪਸੀ ਸਦਭਾਵਨਾ ਤੇ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ। ਵਿਦਿਆਰਥੀਆਂ ਨੇ ਆਪਣੇ ਇਮਤਿਹਾਨਾਂ ਵਿਚ ਚੰਗੀ ਕਾਰਗੁਜ਼ਾਰੀ ਤੇ ਉੱਜਵਲ ਭਵਿੱਖ ਲਈ ਅਸ਼ੀਰਵਾਦ ਪ੍ਰਾਪਤ ਕੀਤਾ। ਅਰਦਾਸ ਤੋਂ ਬਾਅਦ ਸ੍ਰੀ ਗੁਰੂਦੁਆਰਾ ਸਾਹਿਬ ਵੱਲੋਂ ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੂੰ ਸਿਰੋਪਾਓ ਭੇਟ ਕੀਤਾ ਗਿਆ। ਕਾਲਜ ਦੇ ਅਲੂਮਨਾਈਜ਼ ਨੇ ਵੀ ਇਸ ਪਾਠ ਵਿਚ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਦੇਗ ਦਾ ਪ੍ਰਸ਼ਾਦ ਤੇ ਗੁਰੂ ਕਾ ਲੰਗਰ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਵਰਤਾਇਆ ਗਿਆ।