ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰ ਨੂੰ ਰਾਸ਼ਨ ਭੇਟ
ਡਿਵਾਈਨ ਐਂਜਲਜ਼ ਵੈਲਫੇਅਰ ਸੋਸਾਇਟੀ ਵੱਲੋਂ ਕੋਟਰਾਣੀ ਦੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਭੇਟ
Publish Date: Sun, 19 Apr 2026 07:11 PM (IST)
Updated Date: Sun, 19 Apr 2026 07:12 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸਮਾਜ ਸੇਵਾ ਨੂੰ ਸਮਰਪਿਤ ਔਰਤਾਂ ਦੀ ਅਗਾਂਹਵਧੂ ਸੰਸਥਾ ਡਿਵਾਈਨ ਐਂਜਲਜ਼ ਵੈੱਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਮੋਹੱਲਾ ਕੋਟਰਾਣੀ ਦੇ ਇੱਕ ਲੋੜਵੰਦ ਪਰਿਵਾਰ ਨੂੰ ਰਾਸ਼ਨ ਸਮੱਗਰੀ ਦੇ ਨਾਲ ਬੱਚੇ ਦੀ ਪੜਾਈ ਲਈ 10 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਜਾਣਕਾਰੀ ਦਿੰਦਿਆਂ ਕਲੱਬ ਦੀ ਪ੍ਰਧਾਨ ਨਵਿਤਾ ਛਾਬੜਾ ਨੇ ਦੱਸਿਆ ਕਿ ਇਸ ਪਰਿਵਾਰ ਦਾ ਮੁਖੀ ਪਿਛਲੇ ਕਰੀਬ ਡੇਢ ਸਾਲ ਤੋਂ ਬਿਮਾਰੀ ਕਾਰਨ ਬਿਸਤਰ ’ਤੇ ਹੈ, ਜਿਸ ਕਾਰਨ ਪਰਿਵਾਰ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਿਆ ਹੈ। ਜਦੋਂ ਇਸ ਬਾਰੇ ਸੰਸਥਾ ਨੂੰ ਪਤਾ ਲੱਗਿਆ ਤਾਂ ਹਜ਼ਾਰਾਂ ਰੁਪਏ ਮੁੱਲ ਦੀ ਰਾਸ਼ਨ ਸਮੱਗਰੀ ਅਤੇ ਬੱਚੇ ਦੀ ਫੀਸ ਦੇ ਰੂਪ ਵਿੱਚ ਮਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡਿਵਾਈਨ ਐਂਜਲਜ਼ ਸੁਸਾਇਟੀ ਸਿਰਫ ਫਗਵਾੜਾ ਹੀ ਨਹੀਂ, ਸਗੋਂ ਨੇੜਲੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੀ ਕਿਸੇ ਲੋੜਵੰਦ ਬਾਰੇ ਜਾਣਕਾਰੀ ਮਿਲਣ ’ਤੇ ਸੰਭਵ ਸਹਾਇਤਾ ਕਰਦੀ ਹੈ। ਕਲੱਬ ਵੱਲੋਂ ਕੀਤੇ ਜਾਣ ਵਾਲੇ ਮੁੱਖ ਪ੍ਰਾਜੈਕਟਾਂ ਵਿੱਚ ਲੋੜਵੰਦਾਂ ਨੂੰ ਰਾਸ਼ਨ ਸਮੱਗਰੀ, ਮਰੀਜ਼ਾਂ ਨੂੰ ਇਲਾਜ ਲਈ ਆਰਥਿਕ ਮਦਦ, ਲੋੜਵੰਦ ਬੱਚਿਆਂ ਦੇ ਦਾਖਲੇ ਅਤੇ ਸਕੂਲ ਫੀਸ, ਸਟੇਸ਼ਨਰੀ ਅਤੇ ਕਿਤਾਬਾਂ ਦੀ ਵਿਆਵਸਥਾ ਕਰਨਾ, ਗਰਮੀਆਂ ਵਿੱਚ ਸਾਫ ਪੀਣਯੋਗ ਪਾਣੀ ਲਈ ਵਾਟਰ ਕੂਲਰ ਲਗਵਾਉਣਾ ਆਦਿ ਸ਼ਾਮਲ ਹਨ। ਉਨ੍ਹਾਂ ਦੀ ਸੰਸਥਾ ਵੱਲੋਂ ਕਈ ਲੋੜਵੰਦ ਵਿਦਿਆਰਥੀਆਂ ਨੂੰ ਗੋਦ ਲਿਆ ਗਿਆ ਹੈ ਅਤੇ ਦਿਵਿਆਂਗ ਵਿਅਕਤੀਆਂ ਨੂੰ ਕ੍ਰਿਤ੍ਰਿਮ ਅੰਗ ਵੀ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੀਆਂ ਔਰਤਾਂ ਆਪਸੀ ਸਹਿਯੋਗ ਨਾਲ ਇਹ ਸਾਰੇ ਪ੍ਰਾਜੈਕਟ ਸਫਲਤਾਪੂਰਵਕ ਪੂਰੇ ਕਰਦੀਆਂ ਹਨ, ਜਿਸ ਦਾ ਮਕਸਦ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣਾ ਸਮਾਜਿਕ ਫਰਜ਼ ਨਿਭਾਉਣਾ ਹੈ। ਇਹ ਕੋਸ਼ਿਸ਼ਾਂ ਅੱਗੇ ਵੀ ਜਾਰੀ ਰਹਿਣਗੀਆਂ। ਉਨ੍ਹਾਂ ਲੋੜਵੰਦਾਂ ਨੂੰ ਸਹਾਇਤਾ ਲਈ ਸੰਸਥਾ ਦੀ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਸੁਸਾਇਟੀ ਵੱਲੋਂ ਜਾਂਚ ਤੋਂ ਬਾਅਦ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੌਰਾਨ ਮੌਜੂਦ ਸੁਸਾਇਟੀ ਦੀਆਂ ਮੈਂਬਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਾਜੈਕਟ ਕਰ ਕੇ ਉਨ੍ਹਾਂ ਨੂੰ ਆਤਮ ਸੰਤੁਸ਼ਟੀ ਮਿਲਦੀ ਹੈ। ਇਸ ਮੌਕੇ ਸਵਾਤੀ ਗੁਪਤਾ, ਮਮਤਾ ਚਾਨਾ, ਯਸ਼ ਨੈਯਰ, ਭਾਰਤੀ ਸ਼ਰਮਾ, ਅੰਜੂ ਪੁਰੀ, ਅੰਸ਼ੁਲ, ਰਾਨੀ ਸਪਰਾ, ਸੁਦੇਸ਼, ਮੀਨੂ ਪੱਬੀ, ਸ਼ਵੇਤਾ ਬਾਂਸਲ ਆਦਿ ਹਾਜ਼ਰ ਸਨ।