ਦੀਪਕ ਅਗਵਾ ਹੱਤਿਆਕਾਂਡ ’ਚ ਜ਼ਿਲ੍ਹਾ ਪੁਲਿਸ ਨੂੰ ਵੱਡੀ ਕਾਮਯਾਬੀ
ਦੀਪਕ ਅਗਵਾ ਹੱਤਿਆਕਾਂਡ ਵਿੱਚ ਜ਼ਿਲ੍ਹਾ ਪੁਲਿਸ ਨੂੰ ਵੱਡੀ ਕਾਮਯਾਬੀ
Publish Date: Tue, 28 Apr 2026 11:09 PM (IST)
Updated Date: Tue, 28 Apr 2026 11:13 PM (IST)

––ਦੋ ਮੁਲਜ਼ਮ ਗ੍ਰਿਫ਼ਤਾਰ, ਸੱਤ ਹਾਲੇ ਵੀ ਫਰਾਰ ––ਪੰਜ ਦਿਨ ਪਹਿਲਾਂ ਹੋਈ ਵਾਰਦਾਤ ਸੁਲਝਾਉਣ ਦਾ ਪੁਲਿਸ ਦਾ ਦਾਅਵਾ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪੁਲਿਸ ਨੇ ਦੀਪਕ ਅਗਵਾ ਹੱਤਿਆ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਮੰਗਲਵਾਰ ਨੂੰ ਪੁਲਿਸ ਲਾਈਨ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮਾਮਲਾ ਸੁਲਝਾਉਣ ਦਾ ਦਾਅਵਾ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਇਸ ਕਤਲਕਾਂਡ ਵਿਚ ਸ਼ਾਮਲ ਮੁੱਖ ਕਿੰਗਪਿਨ ਸਮੇਤ ਸੱਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ। ਐੱਸਐੱਸਪੀ ਨੇ ਦੱਸਿਆ ਕਿ ਮ੍ਰਿਤਕ ਦੀਪਕ ਨਿਵਾਸੀ ਵਰਿਆਂਹ ਦੋਨਾਂ ਦੀ ਹੱਤਿਆ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਲਗਪਗ ਛੇ ਮਹੀਨੇ ਪਹਿਲਾਂ ਦੀਪਕ ਵੱਲੋਂ ਲਵਪ੍ਰੀਤ ਕੁਮਾਰ ਉਰਫ਼ ਪ੍ਰੀਤ ਲਾਲਾ (ਨਿਵਾਸੀ ਦਿਆਲਪੁਰ) ਦੀ ਕੀਤੀ ਗਈ ਕੁੱਟਮਾਰ ਦਾ ਬਦਲਾ ਲੈਣ ਲਈ ਇਹ ਖੂਨੀ ਸਾਜ਼ਿਸ਼ ਰਚੀ ਗਈ ਸੀ। ਉਨ੍ਹਾਂ ਦੱਸਿਆ ਕਿ 23 ਅਪ੍ਰੈਲ ਨੂੰ ਮੁਲਜ਼ਮਾਂ ਨੇ ਔਜਲਾ ਫਾਟਕ ਰੋਡ ਸਥਿਤ ਗੈਸ ਏਜੰਸੀ ਤੋਂ ਦੀਪਕ ਨੂੰ ਅਗਵਾ ਕੀਤਾ ਤੇ ਉਸਨੂੰ ਪਿੰਡ ਪੱਤੜ ਕਲਾਂ ਦੀ ਸੁੰਨੀ ਸੜਕ ‘ਤੇ ਲੈ ਜਾ ਕੇ ਬੇਰਹਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸਨੂੰ ਪਿੰਡ ਦਿਆਲਪੁਰ ਦੇ ਚੌਕ ‘ਤੇ ਲੈ ਜਾ ਕੇ ਉਸਦੀ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਐੱਸਐੱਸਪੀ ਦੇ ਅਨੁਸਾਰ ਦੀਪਕ ਕਰੀਬ 15 ਮਿੰਟ ਤੱਕ ਤੜਫਦਾ ਰਿਹਾ, ਕਿਉਂਕਿ ਮੁਲਜ਼ਮਾਂ ਨੇ ਉਸਦੇ ਉੱਪਰ ਆਪਣੀ ਸਵਿੱਫਟ ਕਾਰ ਵੀ ਚੜ੍ਹਾ ਦਿੱਤੀ ਸੀ। ਇਸ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਜਸਪਾਲ ਦੇ ਬਿਆਨ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਕੜੀ ਤੋਂ ਕੜੀ ਜੋੜਦਿਆਂ ਲਵਪ੍ਰੀਤ ਕੁਮਾਰ ਉਰਫ਼ ਪ੍ਰੀਤ ਲਾਲਾ ਤੇ ਲੱਕੀ ਕੁਮਾਰ (ਨਿਵਾਸੀ ਲੱਖਣ ਕਲਾਂ) ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਵਾਰਦਾਤ ਵਿਚ ਵਰਤੀਆਂ ਗਈਆਂ ਦੋ ਗੱਡੀਆਂ (ਸਵਿਫਟ ਤੇ ਇਨੋਵਾ) ਤੇ ਹਥਿਆਰਾਂ ਦੀ ਬਰਾਮਦਗੀ ਹਾਲੇ ਬਾਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਹੋਰ ਮੁਲਜ਼ਮ ਨਵਜੋਤ ਸਿੰਘ ਉਰਫ਼ ਮਨੀ ਬਾਬਾ ਵਾਸੀ ਮੁਸ਼ਕਵੇਦ, ਰਾਜਨਦੀਪ ਸਿੰਘ ਜੱਗੂ ਕਿਸ਼ਨ ਸਿੰਘ ਵਾਲਾ, ਅਜੈ ਉਰਫ਼ ਅੱਜੂ ਦਿਆਲਪੁਰ, ਦਿਲਪ੍ਰੀਤ ਲੱਖਣ ਦੇ ਪੱਡੇ, ਮਨਪ੍ਰੀਤ ਦਿਆਲਪੁਰ, ਸੰਜੀਵ ਕੁਮਾਰ ਨਾਨੂ ਵਾਸੀ ਮੱਲੀਆਂ ਤੇ ਰਾਹੁਲ ਉਰਫ਼ ਧੁੰਨੀ ਵਾਸੀ ਮੁਸ਼ਕਵੇਦ ਅਜੇ ਫਰਾਰ ਹਨ। ਐੱਸਐੱਸਪੀ ਨੇ ਦੱਸਿਆ ਕਿ ਦੋਵੇਂ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਪ੍ਰੀਤ ਲਾਲਾ ਨੇ ਕਬੂਲਿਆ ਕਿ 22 ਅਪ੍ਰੈਲ ਨੂੰ ਹੀ ਦੀਪਕ ਦੀ ਹੱਤਿਆ ਦੀ ਯੋਜਨਾ ਤਿਆਰ ਕਰ ਲਈ ਗਈ ਸੀ ਤੇ ਅਗਵਾ ਤੋਂ ਬਾਅਦ ਉਸਨੂੰ ਗੱਡੀ ਵਿਚ ਹੀ ਮਾਰਦੇ ਹੋਏ ਲਿਆਂਦਾ ਗਿਆ। ਐੱਸਐੱਸਪੀ ਮੁਤਾਬਕ ਪ੍ਰੀਤ ਲਾਲਾ ‘ਤੇ ਪਹਿਲਾਂ ਵੀ ਜ਼ਿਲ੍ਹਾ ਜਲੰਧਰ ਵਿਚ ਤਿੰਨ ਮਾਮਲੇ ਦਰਜ ਹਨ। ਇਸ ਮੌਕੇ ਐੱਸਪੀ (ਡੀ) ਹਰਿੰਦਰ ਸਿੰਘ ਗਿੱਲ, ਡੀਐੱਸਪੀ ਡਾ. ਸ਼ੀਤਲ ਸਿੰਘ, ਡੀਐੱਸਪੀ ਦਵਿੰਦਰ ਸਿੰਘ ਬਾਜਵਾ, ਐੱਸਐੱਚਓ ਇੰਸਪੈਕਟਰ ਅਮਨਦੀਪ ਕੁਮਾਰ, ਸੀਆਈਏ ਇੰਚਾਰਜ ਐੱਸਆਈ ਰਮਨ ਕੁਮਾਰ ਤੇ ਟੈਕਨੀਕਲ ਸੈੱਲ ਇੰਚਾਰਜ ਏਐੱਸਆਈ ਚਰਨਜੀਤ ਸਿੰਘ ਮੌਜੂਦ ਸਨ।