ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਨਾਲ ਕੀਤੀ ਮੀਟਿੰਗ
ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ
Publish Date: Thu, 21 May 2026 09:49 PM (IST)
Updated Date: Thu, 21 May 2026 09:52 PM (IST)

ਪਾਰਦਰਸ਼ੀ ਚੋਣ ਪ੍ਰਕਿਰਿਆ ਲਈ ਪ੍ਰਸ਼ਾਸਨ ਮੁਸਤੈਦ ਕਪੂਰਥਲਾ ਚ 82% ਵੋਟਰ ਮੈਪਿੰਗ ਦਾ ਕੰਮ ਮੁਕੰਮਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਭਾਰਤ ਚੋਣ ਕਮਿਸ਼ਨ, ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਪੂਰਥਲਾ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਦੇ ਕਾਰਜ ਨੂੰ ਨਿਰਵਿਘਨ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ ਦੀ ਪ੍ਰਧਾਨਗੀ ਹੇਠ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਚੋਣ ਤਹਿਸੀਲਦਾਰ ਅਰਮਿੰਦਰਪਲ ਸਿੰਘ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 791 ਪੋਲਿੰਗ ਬੂਥ, 791 ਬੀਐੱਲਓਜ਼ ਤੇ 77 ਸੈਕਟਰ ਅਫ਼ਸਰ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ 21 ਮਈ 2026 ਤੱਕ ਜ਼ਿਲ੍ਹੇ ਭਰ ਵਿਚ ਪ੍ਰੀ-ਐੱਸਆਈਆਰ ਵੋਟਰ ਮੈਪਿੰਗ ਦਾ ਕੰਮ ਲਗਭਗ 82.01% ਮੁਕੰਮਲ ਹੋ ਚੁੱਕਾ ਹੈ, ਜਿਸ ਤਹਿਤ ਜ਼ਿਲ੍ਹੇ ਦੇ ਕੁੱਲ 6,15,410 ਵੋਟਰਾਂ ਵਿਚੋਂ 5,04,685 ਵੋਟਰਾਂ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਨ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ਚੋਣ ਅਫ਼ਸਰਾਂ (ਈਆਰਓਜ਼, ਏਈਆਰਓਜ਼, ਸੁਪਰਵਾਈਜ਼ਰਾਂ ਤੇ ਬੀਐੱਲਓਜ਼) ਨੂੰ ਟ੍ਰੇਨਿੰਗ ਦੇਣ ਤੇ ਫਾਰਮ ਡਾਊਨਲੋਡਿੰਗ ਦਾ ਕੰਮ 15 ਜੂਨ ਤੋਂ 24 ਜੂਨ 2026 ਤੱਕ ਕੀਤਾ ਜਾਵੇਗਾ। ਇਸ ਤੋਂ ਬਾਅਦ 25 ਜੂਨ ਤੋਂ 24 ਜੁਲਾਈ 2026 ਤੱਕ ਬੀਐੱਲਓਜ਼ ਵੱਲੋਂ ਘਰ-ਘਰ ਜਾ ਕੇ ਪ੍ਰੀ-ਪ੍ਰਿੰਟਿਡ ਫਾਰਮ ਵੰਡੇ ਜਾਣਗੇ ਤੇ ਪੋਲਿੰਗ ਸਟੇਸ਼ਨਾਂ ਦਾ ਪੁਨਰਗਠਨ ਵੀ 24 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਉਪਰੰਤ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 31 ਜੁਲਾਈ 2026 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 31 ਜੁਲਾਈ ਤੋਂ 30 ਅਗਸਤ 2026 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ, ਜਿਨ੍ਹਾਂ ਦਾ ਨਿਪਟਾਰਾ 28 ਸਤੰਬਰ 2026 ਤੱਕ ਕਰਕੇ 1 ਅਕਤੂਬਰ 2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ (26-ਭੁਲੱਥ, 27-ਕਪੂਰਥਲਾ, 28-ਸੁਲਤਾਨਪੁਰ ਲੋਧੀ ਤੇ 29-ਫਗਵਾੜਾ) ਦੇ ਕੁੱਲ 791 ਪੋਲਿੰਗ ਬੂਥਾਂ ਤੇ ਆਪਣੇ ਬੂਥ ਲੈਵਲ ਏਜੰਟ ਹਲਕਾ ਪੱਧਰ ਤੇ ਜ਼ਰੂਰ ਨਿਯੁਕਤ ਕਰਨ। ਮੀਟਿੰਗ ਦੌਰਾਨ ਵੋਟਰਾਂ ਦੀ ਸਹੂਲਤ ਲਈ ਵਰਤੇ ਜਾਣ ਵਾਲੇ ਫਾਰਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਵਾਂ ਵੋਟਰ ਬਣਨ ਲਈ ਫਾਰਮ ਨੰਬਰ 6, ਨਾਮ ਕਟਵਾਉਣ ਲਈ ਫਾਰਮ ਨੰਬਰ 7 ਤੇ ਵੋਟਰ ਵੇਰਵਿਆਂ ਵਿਚ ਸੋਧ ਲਈ ਫਾਰਮ ਨੰਬਰ 8 ਭਰਿਆ ਜਾ ਸਕਦਾ ਹੈ। ਇਹ ਫਾਰਮ ਚੋਣ ਕਮਿਸ਼ਨ ਦੀ ਵੈੱਬਸਾਈਟ voters.eci.gov.in ਤੇ ਜਾਂ ਮੋਬਾਈਲ ਐਪ ਡਾਊਨਲੋਡ ਕਰਕੇ ਆਨਲਾਈਨ ਭਰੇ ਜਾ ਸਕਦੇ ਹਨ, ਜਦਕਿ ਆਫਲਾਈਨ ਪ੍ਰਕਿਰਿਆ ਲਈ ਸਬੰਧਤ ਹਲਕੇ ਦੇ ਈਆਰਓ ਦਫ਼ਤਰ ਜਾਂ ਬੂਥ ਲੈਵਲ ਅਫ਼ਸਰ ਦੀ ਸਹਾਇਤਾ ਲਈ ਜਾ ਸਕਦੀ ਹੈ। ਉਨ੍ਹਾਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਬੂਥ ਲੈਵਲ ਏਜੰਟ ਸਬੰਧਤ ਵੋਟਰ ਸੂਚੀ ਦੇ ਉਸੇ ਭਾਗ ਦਾ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ। ਉਸੇ ਭਾਗ ਵਿਚੋਂ ਬੂਥ ਲੈਵਲ ਏਜੰਟ ਉਪਲਬਧ ਨਾ ਹੋਣ ਦੀ ਸੂਰਤ ਵਿਚ ਉਸੇ ਹਲਕੇ ਦੇ ਕਿਸੇ ਵੀ ਰਜਿਸਟਰਡ ਵੋਟਰ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ। ਇਹ ਬੂਥ ਲੈਵਲ ਏਜੰਟ ਡਰਾਫਟ ਸੂਚੀ ਦੀ ਬਾਰੀਕੀ ਨਾਲ ਜਾਂਚ ਕਰਕੇ ਮ੍ਰਿਤਕ ਜਾਂ ਸ਼ਿਫਟ ਹੋ ਚੁੱਕੇ ਵੋਟਰਾਂ ਦੀ ਪਛਾਣ ਕਰਨਗੇ ਤੇ ਐੱਸਆਈਆਰ ਦੌਰਾਨ ਰੋਜ਼ਾਨਾ ਲਗਭਗ 10 ਫਾਰਮ ਈਆਰਓ ਦਫ਼ਤਰ ਜਾਂ ਬੀਐੱਲਓ ਕੋਲ ਜਮ੍ਹਾਂ ਕਰਵਾਉਣਗੇ। ਉਨ੍ਹਾਂ ਅਖੀਰ ਵਿਚ ਕਿਹਾ ਕਿ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਸੁਝਾਅ ਲਈ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਚੋਣ ਕਾਨੂੰਗੋ ਪੂਜਾ ਕੱਕਰ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਿਚ ਕਾਂਗਰਸ ਤੋਂ ਪਰਮਿੰਦਰ ਸਿੰਘ, ਜਤਿਨ ਸ਼ਰਮਾ, ਦਵਿੰਦਰ ਕੁਮਾਰ, ਮਹਿੰਦਰਪਾਲ, ਸ਼੍ਰੋਮਣੀ ਅਕਾਲੀ ਦਲ ਤੋਂ ਅਜੇ ਬਬਲਾ, ਤਨਵੀਰ ਸਿੰਘ ਰੰਧਾਵਾ, ਗਗਨਦੀਪ ਸਿੰਘ, ਆਪ ਤੋਂ ਪਰਵਿੰਦਰ ਸਿੰਘ ਢੋਟ, ਭਾਰਤੀ ਜਨਤਾ ਪਾਰਟੀ ਤੋਂ ਟੇਕ ਸ਼ਰਮਾ, ਐਡਵੋਕੇਟ ਜਤਿੰਦਰ ਕੁਮਾਰ, ਬਹੁਜਨ ਸਮਾਜ ਪਾਰਟੀ ਤੋਂ ਰਾਕੇਸ਼ ਕੁਮਾਰ, ਸੀਪੀਆਈ ਤੋਂ ਕੇਐੱਲ ਕੌਸ਼ਲ, ਇਨਸਾਨੀਅਤ ਲੋਕ ਵਿਕਾਸ ਪਾਰਟੀ ਤੋਂ ਸਰਦੂਲ ਸਿੰਘ ਤੇ ਬੀਐੱਸਪੀ ਅੰਬੇਡਕਰ ਪਾਰਟੀ ਤੋਂ ਰਣਜੀਤ ਸਿੰਘ ਹਾਜ਼ਰ ਸਨ।