ਡਿਜੀਟਲ ਪੇਪਰ ਮਾਰਕਿੰਗ ਨੇ ਪ੍ਰੇਸ਼ਾਨ ਕੀਤੇ ਅਧਿਆਪਕ
ਡਿਜਿਟਲ ਪੇਪਰ ਮਾਰਕਿੰਗ ਨੇ ਪ੍ਰੇਸ਼ਾਨ ਕੀਤੇ ਅਧਿਆਪਕ
Publish Date: Sat, 14 Mar 2026 07:49 PM (IST)
Updated Date: Sat, 14 Mar 2026 07:51 PM (IST)

--ਪੇਪਰ ਮਾਰਕਿੰਗ ਆਫਲਾਈਨ ਹੀ ਹੋਵੇ : ਡੀਟੀਐੱਫ਼ ਅਮਰੀਕ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੇਂ ਫੈਸਲੇ ਡਿਜੀਟਲ ਪੇਪਰ ਮਾਰਕਿੰਗ ਨੇ ਅਧਿਆਪਕਾਂ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ਼) ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀਂ ਜਮਾਤ ਦੇ ਸਮਾਜਿਕ ਸਿੱਖਿਆ ਦੇ ਪੇਪਰ ਦੀ ਮਾਰਕਿੰਗ ਡਿਜੀਟਲ ਤਰੀਕੇ ਨਾਲ ਕਰਨ ਦਾ ਹੁਕਮ ਆਇਆ ਹੈ, ਜਿਸ ਕਾਰਨ ਅਧਿਆਪਕ ਪ੍ਰੇਸ਼ਾਨ ਹਨ। ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਕੋਲ ਇੰਟਰਨੈਟ ਦੀ ਸਮੱਸਿਆ ਤੇ ਕੰਪਿਊਟਰ ਜਾਂ ਲੈਪਟੌਪ ਦੀ ਸਮੱਸਿਆ ਕਾਰਨ ਇਹ ਪੇਪਰ ਮਾਰਕਿੰਗ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸ ਪੇਪਰ ਮਾਰਕਿੰਗ ਦਾ ਸਮਾਂ ਵੀ 9 ਤੋਂ 4 ਵਜੇ ਤੱਕ ਰੱਖਣ ਕਾਰਨ ਅਧਿਆਪਕ ਪਰੇਸ਼ਾਨ ਹੋ ਰਹੇ ਹਨ। ਦੂਰ-ਦਰਾਜ ਦੇ ਦਿਹਾਤੀ ਇਲਾਕਿਆਂ ਵਿਚ ਇੰਟਰਨੈੱਟ ਦੀ ਸਮੱਸਿਆ ਹੋਣ ਕਾਰਨ ਪੇਪਰ ਮਾਰਕਿੰਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਯੋਤੀ ਮਹਿੰਦਰੂ, ਮੀਤ ਪ੍ਰਧਾਨ ਰੋਸ਼ਨ ਲਾਲ ਬੇਗੋਵਾਲ, ਅਨਿਲ ਸ਼ਰਮਾ ਜ਼ਿਲ੍ਹਾ ਸਕੱਤਰ, ਸੰਯੁਕਤ ਸਕੱਤਰ ਹਰਪ੍ਰੀਤਪਾਲ ਸਿੰਘ, ਵਿਤ ਸਕੱਤਰ ਦਿਨੇਸ਼ ਆਨੰਦ, ਜ਼ਿਲ੍ਹਾ ਕਮੇਟੀ ਮੈਂਬਰ ਅਪਿੰਦਰ ਸਿੰਘ, ਬਿਕਰਮਜੀਤ ਸਿੰਘ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇਸ ਮਾਰਕਿੰਗ ਦੀਆਂ ਡਿਊਟੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲੱਗਣ ਕਾਰਨ ਵੀ ਪ੍ਰੇਸ਼ਾਨੀ ਆ ਰਹੀ ਹੈ ਕਿਉਂਕਿ ਜੋ ਅਧਿਆਪਕ ਕਿਸੇ ਸਮੱਸਿਆ ਕਾਰਨ ਪੇਪਰ ਮਾਰਕਿੰਗ ਕਰਨ ਦੇ ਯੋਗ ਨਹੀਂ, ਉਸਦੀ ਡਿਊਟੀ ਜ਼ਿਲ੍ਹਾ ਪੱਧਰ ’ਤੇ ਨਹੀਂ ਕੱਟੀ ਜਾ ਰਹੀ। ਇਸ ਤੋਂ ਇਲਾਵਾ ਇਸ ਪੇਪਰ ਮਾਰਕਿੰਗ ਬਾਰੇ ਅਧਿਆਪਕਾਂ ਨੂੰ ਕੋਈ ਟ੍ਰੇਨਿਗ ਨਹੀਂ ਦਿੱਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਪੇਪਰ ਮਾਰਕਿੰਗ ਪਹਿਲਾਂ ਦੀ ਤਰਾਂ ਆਫ਼ਲਾਈਨ ਹੀ ਹੋਵੇ।